ਸੁਰਜੀਤ

ਕੁਝ ਕਵਿਤਾਵਾਂ

             

                             
            
  ਅਗਲਾ ਮੋੜ

ਉਮਰ ਦਾ
ਅਗਲਾ ਮੋੜ ਹੈ
ਇਹ...
ਜਿੱਥੇ ਮੈਂ
ਆ ਪਹੁੰਚੀ ਹਾਂ
ਕਿਸੇ ਨੇ
ਮੇਰੇ ਦੁਆਰੇ ਤੇ
ਇੰਜ ਦਸਤਕ ਦਿਤੀ ਹੈ
ਕਿ ਮੇਰੇ ਅੰਦਰੋਂ
ਮੈਂ ਗੁਆਚ ਗਈ ਹਾਂ...

ਚਾਨਣ ਦੀ ਕੋਈ ਰਿਸ਼ਮ
ਹਨੇਰੀਆਂ ਗੁਫਾਵਾਂ ਨੂੰ ਚੀਰ
ਮੇਰੇ ਮਸਤਕ
ਇੰਜ ਆ ਢੁੱਕੀ ਹੈ
ਕਿ ਮਨ ਅੰਬਰ ਹੋ ਗਿਐ
ਤੇ ਅੰਤਹਿਕਰਣ ਵਿਚ
ਕੋਈ ਸ਼ਹਿਨਾਈ ਗੂੰਜ ਉਠੀ ਹੈ

ਖੇੜਾ ਹੀ ਖੇੜਾ ਹੈ
ਤੇ ਮੇਰੀ ਚੇਤਨਾ
ਚਾਨਣ ਦੀਆਂ
ਪੰਜੇਬਾਂ ਪਾ
ਬਰੇਤਿਆਂ 'ਚ
ਨੱਚ ਰਹੀ ਹੈ ????

         

 
                             
            
  ਗੁਮਸ਼ੁਦਾ

ਬਹੁਤ ਸਹਿਲ
ਲਗਦਾ ਸੀ
ਕਦੇ...
ਚੁੰਬਕੀ ਮੁਸਕਰਾਹਟ ਨਾਲ
ਮੌਸਮਾਂ 'ਚ ਰੰਗ ਭਰ ਲੈਣਾ..

ਸਹਿਜੇ ਜਿਹੇ
ਪਲਟ ਕੇ
ਰੁਮਕਦੀ ਹਵਾ ਦਾ
ਹੱਥ ਫੜ ਲੈਣਾ

ਕੋਸੇ ਕੋਸੇ
ਸ਼ਬਦਾਂ ਦਾ
ਜਾਦੂ ਬਿਖੇਰ
ਉਠਦੇ ਤੁਫ਼ਾਨਾਂ ਨੂੰ
ਥੰਮ ਲੈਣਾ

ਤੇ ਬੜਾ ਸਹਿਲ ਲਗਦਾ ਸੀ
ਜ਼ਿੰਦਗੀ ਕੋਲ ਬਹਿ
ਨਿੱਕੀਆਂ ਨਿੱਕੀਆਂ
ਗੱਲਾਂ ਕਰਨਾ
ਕਹਿਕਹੇ ਮਾਰ ਹੱਸਣਾ
ਸ਼ਿਕਾਇਤਾਂ ਕਰਨਾ
ਰੁੱਸਣਾ ਤੇ ਮੰਨਣਾ

ਬੜਾ ਮੁਸ਼ਕਿਲ ਲਗਦੈ ਹੁਣ
ਫਲਸਫ਼ਿਆਂ ਦੇ ਦਵੰਦ 'ਚੋਂ
ਜ਼ਿੰਦਗੀ ਦੇ ਅਰਥਾਂ ਨੂੰ ਲੱਭਣਾ
ਪਤਾ ਨਹੀਂ ਕਿਉਂ
ਬੜਾ ਮੁਸ਼ਕਲ ਲਗਦੈ !!

         

 
                             
            
  ਕਦੇ

ਸਖੀ ਜੇ ਕਦੇ
ਸ਼ੁਰੂ-ਸਫ਼ਰ
ਕਨਸੋਅ ਪੈ ਜਾਂਦੀ
ਕਿ ਪੰਧ ਅਜਾਈਂ ਮੁੱਕ ਜਾਏਗਾ
ਤਾਂ ਮੈਂ ਰਤਾ ਕੁ
ਰੁਕ ਲੈਂਦੀ !

ਬਹਾਰਾਂ ਦੇ ਮੌਸਮਾਂ 'ਚ
ਦੂਰ ਤੱਕ ਫੈਲੀਆਂ
ਖੁੱਲ੍ਹੀਆਂ ਚਾਰਾਗਾਹਾਂ 'ਚ ਉੱਗੇ
ਜੰਗਲੀ ਫੁੱਲਾਂ ਦੀਆਂ
ਤਾਜ਼ੀਆਂ ਸੁਗੰਧੀਆਂ ਨਾਲ
ਆਪਣੀ ਰੂਹ ਭਰ ਲੈਂਦੀ !

ਕਦੇ ਕਿਸੇ ਝੀਲ ਦੇ ਕੰਢੇ ਪਏ
ਨਰਮ ਪੱਥਰਾਂ 'ਤੇ
ਵਿਹਲੀ ਜਿਹੀ ਬਹਿ
ਦੂਰ ਤੱਕ ਫੈਲੇ
ਦਿਲਕਸ਼ ਪਰਬਤਾਂ ਨੂੰ ਤੱਕਦੀ
ਤੇ ਨਦੀ ਜਿਹੀ ਤਰਲ
ਕਵਿਤਾ ਰਚ ਲੈਂਦੀ !

ਮੇਰੀ ਸੋਚ
ਸਮੁੰਦਰ ਕੰਢੇ
ਹਵਾਵਾਂ ਦੀ
ਚੁੰਨੀ ਦੀ ਬੁੱਕਲ ਮਾਰ
ਕਦੇ ਬੇੜੀਆਂ
ਕਦੇ ਬਰੇਤਿਆਂ
ਕਦੇ ਬਾਦਬਾਨਾਂ 'ਤੇ
ਸਫ਼ਰ ਕਰ ਲੈਂਦੀ !

ਕਦੇ
ਸਿੱਪੀਆਂ ਘੋਗੇ ਚੁਗ ਕੇ
ਗੀਟੇ ਖੇਡਦੀ
ਰੇਤ 'ਚ ਨਹਾਉਂਦੀਆਂ
ਚਿੜੀਆਂ ਤੱਕਦੀ
ਉਹਨਾਂ ਦੀ ਚੀਂ ਚੀਂ ਦੇ
ਰਾਗ 'ਚ ਮਸਤ ਹੋ
ਕਿਕਲੀ ਪਾਉਂਦੀ
ਉਸ ਕਾਦਰ ਦੇ ਨੇੜੇ ਹੋ ਲੈਂਦੀ !!

ਪਰ ਸਖੀ
ਪਤਾ ਨਹੀਂ
ਮੈਂ ਭ੍ਰਾਂਤੀਆਂ ਪਿੱਛੇ ਕਿਉਂ
ਭੱਜਦੀ ਰਹੀ
ਹਮਸਾਏ ਰੋਜ਼ ਜਾਗਦੇ
ਖਾਂਦੇ, ਪੀਂਦੇ, ਹੱਸਦੇ, ਰੋਂਦੇ
ਤੇ ਸੌਂ ਜਾਂਦੇ !
ਮੈਂ ਵੀ ਇਵੇਂ
ਕਰਦੀ ਰਹੀ !

ਕਾਸ਼!
ਜੇ ਕਦੇ
ਇਹ ਸਫ਼ਰ ਫਿਰ ਤੋਂ ਸ਼ੁਰੂ ਹੋਵੇ
ਇਸ ਵਾਰ ਜੋ ਗਲਤੀ ਹੋਈ
ਫੇਰ ਨਾ ਹੋਵੇ !!

         

 
                             
            
  ਇੰਜ ਨਹੀਂ ਹੁੰਦਾ

ਹਾਦਸਿਆਂ ਦੀ ਪੀੜ
ਜੋ ਪਨਪਦੀ ਹੈ
ਤੁਹਾਡੇ ਗਿਰਦ
ਉਸ ਪੀੜ ਦਾ ਅਹਿਸਾਸ
ਰੂਹ ਨੂੰ ਹੁੰਦੈ!

ਗੱਲ ਇੰਨੀ ਹੀ ਹੁੰਦੀ
ਤਾਂ ਮੁੱਕ ਜਾਂਦੀ
ਕਿ ਰਿਸ਼ਤੇ ਬਣਾ ਕੇ
ਤੁਸੀਂ ਘਰ ਸਜਾ ਲੈਂਦੇ ਹੋ
ਕਿ ਘਰ ਸਜਾ ਕੇ
ਇਕ ਨਵੀਂ ਦੁਨੀਆ
ਵਸਾ ਲੈਂਦੇ ਹੋ!

ਪਰ ਰਿਸ਼ਤੇ
ਸ਼ੋਅ-ਪੀਸਾਂ ਵਾਂਗ
ਸਜਾਏ ਨਹੀਂ ਜਾਂਦੇ
ਵਸਤਾਂ ਵਾਂਗ
ਹੰਢਾਏ ਨਹੀਂ ਜਾਂਦੇ
ਬਸਤਰਾਂ ਵਾਂਗ
ਬਦਲੇ ਨਹੀਂ ਜਾਂਦੇ

ਰਿਸ਼ਤੇ ਕਦੇ
ਅਹਿਸਾਸ
ਕਦੇ ਰੂਹ
ਕਦੇ ਜਿਗਰ ਹੁੰਦੇ ਨੇ

ਰਿਸ਼ਤੇ ਜੀਵਨ-ਪੰਧ ਦਾ
ਧਰਵਾਸ ਹੁੰਦੇ ਨੇ
ਇਨ੍ਹਾਂ ਨੂੰ ਰੁਸਵਾ ਕਰ
ਕਿਉਂ ਪੀੜਾਂ ਵਿਹਾਜ ਲੈਂਦੇ ਹੋ....

         

 
                             
            
  ਮਨੁੱਖ, ਮਹਾਂਸਾਗਰ ਤੇ ਬੱਤਖ਼

ਟਿਕੀ ਰਾਤ....
ਪੂਰਨਮਾਸ਼ੀ ਦਾ ਚੰਨ....
ਪ੍ਰਸ਼ਾਂਤ ਮਹਾਂਸਾਗਰ ਦੀਆਂ ਲਹਿਰਾਂ....
ਲਹਿਰਾਂ ਤੇ
ਕਲੋਲਾਂ ਕਰਦੀ ਸੀਤਲ ਚਾਨਣੀ....
ਫ਼ਿਜ਼ਾ ਸ਼ਾਂਤ
ਬੇਹੱਦ
ਸ਼ਾਂਤ !!

ਸਾਗਰ ਦੇ ਐਨ ਵਿਚਕਾਰ
ਅੰਗ੍ਰੇਜ਼ੀ ਰੈਸਤੋਰਾਂ
ਰੈਸਤੋਰਾਂ ਵਿਚ
ਜੋਸ਼ੀਲਾ ਸੰਗੀਤ
ਵਿਸਕੀ
ਵਾਈਨ
ਮਸਤੀ
ਫ਼ਰਸ਼ ਤੇ ਨੱਚਦੇ ਲੋਕ....
ਇਕ ਅਜੀਬ ਲੋਰ
ਅੰਨ੍ਹਾ ਜ਼ੋਰ
ਬੇਹੱਦ ਸ਼ੋਰ !!

ਇਸਦੇ ਬਾਹਰ
ਸਾਗਰ ਸ਼ਾਂਤ....
ਮਸਤ ਵਹਿੰਦੀਆਂ ਲਹਿਰਾਂ....
ਲਹਿਰਾਂ ਦਾ ਅਗੰਮੀ ਨਾਦ....
ਇਕ ਮਧੁਰ ਸੰਗੀਤ....
ਕੁਦਰਤ ਦਾ ਮੂਕ ਗੀਤ....
ਸਾਗਰ ਤੇ ਚੰਨ ਦੀ
ਕੋਈ
ਰਹੱਸਮਈ
ਪ੍ਰੀਤ !!

ਟਿਕੀ ਰਾਤ
ਪ੍ਰਸ਼ਾਂਤ ਮਹਾਂਸਾਗਰ ਦੀਆਂ ਲਹਿਰਾਂ....
ਲਹਿਰਾਂ ਦੀ ਮੌਜ ਤੇ
ਤੈਰ ਰਹੀ
ਇਕ
ਬੱਤਖ਼ !!

ਇਕੱਲੀ ਨਿੱਕੀ ਜਿੰਨੀ ਉਹ
ਅਨੰਤ ਅਥਾਹ
ਸਾਗਰ ਤੇ ਤੈਰਦੀ....
ਜਿਵੇਂ
ਤਪੱਸਿਆ ਕਰਦੀ
ਕੋਈ
ਤ..ਪੱ..ਸ..ਣੀ....!!!

ਕਿਸੇ ਸਾਧਨਾ 'ਚ ਲੀਨ
ਨਿੱਕੇ ਨਿੱਕੇ ਖੰਭਾਂ 'ਚ
ਆਪਾ ਸਮੇਟੀ
ਲਹਿਰਾਂ ਦਾ ਝੂਲਾ ਝੂਲਦੀ
ਇਕ
ਹੋਰ
ਲਹਿਰ !!

ਕੰਢੇ ਚਾਂਈਂ-ਚਾਂਈਂ
ਤੱਕ ਰਹੇ ਨੇ
ਲਹਿਰਾਂ ਖਿੜ ਖਿੜ
ਹੱਸ ਰਹੀਆਂ ਨੇ
ਚਾਨਣੀ ਸਮੁੰਦਰ 'ਤੇ
ਫੈਲ ਰਹੀ ਹੈ....
ਲੋਕ ਨੱਚ ਰਹੇ ਨੇ....

ਬੱਤਖ਼
ਤੈ..ਰ....
ਰ...ਹੀ... ਹੈ....!!!