ਸੁਖਵਿੰਦਰ ਅੰਮ੍ਰਿਤ

  

 
            
 

     ਸੱਪ ਤੇ ਮੋਰ
  

ਕੁਝ ਚਿਰ ਆਇਆ ਸੀ
ਉਹਨਾਂ ਦੇ ਫੁੰਕਾਰਿਆਂ 'ਤੇ ਰੋਸ ਜਿਹਾ
ਫੇਰ ਮਨ ਦੇ ਮੋਰ ਨੇ
ਸੱਪਾਂ ਦੇ ਸਿਰਾਂ 'ਤੇ ਨੱਚਣਾ ਸਿੱਖ ਲਿਆ...

         

 
            
 

     ਅਸੀਸ

 
ਮੈਂ ਰੋੜਾ ਤਾਂ ਨਹੀਂ ਬਣਦੀ
ਤੇਰੇ ਰਾਹ ਦਾ
ਤੇ ਇਹ ਵੀ ਜਾਣਦੀ ਹਾਂ
ਕਿ ਹਾਦਸੇ ਰਾਹੀਆਂ ਦਾ ਮੁਕੱਦਰ ਹੁੰਦੇ ਨੇ
ਪਰ ਤੂੰ ਕਿਵੇਂ ਪੁੱਟੇਂਗਾ
ਅਜਗਰ ਦੇ ਪਿੰਡੇ ਵਰਗੇ
ਬੇਇਤਬਾਰੇ ਰਾਹਾਂ 'ਤੇ ਪੈਰ

   
ਕਿ ਜਿੱਥੇ
ਚੌਰਾਹਿਆਂ 'ਚ ਖੜ੍ਹੇ ਉਡੀਕਦੇ ਨੇ
ਅਣਭੋਲ ਅੱਲ੍ਹੜਾਂ ਨੂੰ
ਵਿਹੁ ਦੇ ਵਿਉਪਾਰੀ
ਤੇ ਡੱਬੀਆਂ 'ਚ ਵਿਕਦੀ ਹੈ
ਸੁਆਹ ਕਰ ਦੇਣ ਵਾਲੀ ਅੱਗ
ਫੁੜਕ-ਫੁੜਕ ਡਿਗਦੀ ਹੈ
ਸੂਈਆਂ ਨਾਲ ਡੰਗੀ ਮਾਸੂਮ ਜੁਆਨੀ
ਤੇ ਸਮੇਂ ਦੇ ਲਲਾਰੀਆਂ ਨੂੰ
ਭਾਉਂਦਾ ਨਹੀਂ ਲਹੂ ਤੋਂ ਬਗੈਰ
ਕੋਈ ਦੂਜਾ ਰੰਗ
   

ਤੇ ਮੈਂ ਸੋਚਦੀ ਹਾਂ
ਤੈਨੂੰ ਆਖਾਂ
ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ,
ਸੋਨੇ ਦੇ ਮਿਰਗਾਂ ਮਗਰ ਨਾ ਜਾਈਂ,
ਇਹ ਛਲੀਏ ਮਿਰਗ ਤਾਂ
ਰਾਮ ਜਿਹੇ ਅਵਤਾਰਾਂ ਨੂੰ ਵੀ
ਛਲ ਜਾਂਦੇ ਨੇ....
  

ਤੇ ਜਦੋਂ ਵੇਖਦੀ ਹਾਂ
ਕਿ ਹਵਾਵਾਂ ਦੇ ਨਾਲ ਰਲ ਕੇ
ਸਰਕ ਆਏ ਨੇ
ਘਰਾਂ ਦੇ ਅੰਦਰ-ਵਾਰ
ਪੇਸ਼ਾਵਰਾਂ ਦੇ ਕੋਠੇ
   

ਤੇ ਮੈਂ ਬੰਨ੍ਹ ਵੀ ਨਹੀਂ ਸਕਦੀ
ਤੇਰੀਆਂ ਚੰਚਲ ਅੱਖਾਂ 'ਤੇ ਪੱਟੀ
ਦੱਬ ਨਹੀਂ ਸਕਦੀ
ਘਰ ਦੇ ਬੂਹੇ ਟੱਪਦੀਆਂ
ਤੇਰੀਆਂ ਉੱਡਣੀਆਂ ਪੈੜਾਂ
ਤੇ ਕਰ ਨਹੀਂ ਸਕਦੀ
ਅੰਨ੍ਹੇ ਖੂਹਾਂ ਦੀਆਂ ਸਾਜ਼ਿਸ਼ਾਂ ਸਾਹਵੇਂ
ਤੇਰੇ ਨਾਦਾਨ ਲਹੂ ਦਾ ਭਰੋਸਾ
ਤਾਂ ਸੋਚਦੀ ਹਾਂ
ਤੈਨੂੰ ਆਖਾਂ
ਟੀ ਵੀ ਬੰਦ ਕਰ
ਤੇ ਕਿਤਾਬ ਖੋਲ੍ਹ....
   

ਤੇ ਹੁਣ ਜਦੋਂ
ਤਾਰ-ਤਾਰ ਹੋ ਗਿਆ ਹੈ
ਸਦਾਚਾਰ ਦਾ ਦਾਮਨ
ਨਹੀਂ ਰਹੀ
ਲਹੂ ਨੂੰ ਲਹੂ ਦੀ ਪਛਾਣ
ਨਹੀਂ ਰਿਹਾ
ਰਿਸ਼ਤੇ ਨੂੰ ਰਿਸ਼ਤੇ ਦਾ ਲਿਹਾਜ਼
ਉੱਤਰ ਰਿਹਾ ਹੈ ਹਰ ਘੜੀ
ਕਿਸੇ ਨਾ ਕਿਸੇ ਦ੍ਰੋਪਤੀ ਦਾ ਚੀਰ
ਕਿੰਨੇ ਹੀ ਬ੍ਰਹਮਾ ਕਰ ਰਹੇ ਨੇ
ਆਪਣੀਆਂ ਧੀਆਂ ਨਾਲ ਬਲਾਤਕਾਰ
ਤੇ ਵਕਤ ਦੀਆਂ ਅੱਖਾਂ
ਮਟਕਾ ਰਹੀਆਂ ਨੇ ਬੇਹਯਾਈ ਦਾ ਸੁਰਮਾ
ਤਾਂ ਸੋਚਦੀ ਹਾਂ
ਤੈਨੂੰ ਆਖਾਂ
ਅੱਖਾਂ ਦੇ ਮਸਕਾਰੇ ਮਗਰ ਨਾ ਜਾਈਂ
ਉਨ੍ਹਾਂ ਵਿਚ ਜ਼ਿੰਦਗੀ ਦਾ ਦਰਦ ਵੇਖੀਂ
ਤੇ ਦਰਦ ਵਿਚ ਗਹਿਰਾਈ....
   

ਤੇ ਫੇਰ ਜਦ ਵੇਖਦੀ ਹਾਂ
ਕਿ ਹਰ ਮੁਹਾਜ਼ 'ਤੇ ਹਾਰਦਾ ਹੈ
ਸੱਚ ਦਾ ਸਿਕੰਦਰ
ਕਿਰਤੀ ਦੇ ਲਹੂ ਵਿਚ ਰੰਗਦੀ ਹੈ
ਬਦਕਾਰੀ ਆਪਣਾ ਸੁਹਾਗ-ਜੋੜਾ
ਮੁਨਸਫ਼ ਦੀ ਅੱਖ ਵਿੱਚ ਹੈ
ਡਰਾ ਦੇਣ ਵਾਲਾ ਟੀਰ
ਇਨਸਾਫ਼ ਦੀ ਤੱਕੜੀ ਵਿੱਚ ਹੈ
ਲੋਹੜੇ ਦਾ ਪਾਸਕ
ਕੰਜਕਾਂ ਦੇ ਕਾਤਲਾਂ ਦੀ ਲੱਭਦੀ ਨਹੀਂ ਪੈੜ
ਤੇ ਸੁਪਨਿਆਂ ਦੇ ਰਾਹ ਵਿੱਚ
ਗੱਡੀਆਂ ਹੋਈਆਂ ਨੇ
ਸੱਚਮੁੱਚ ਦੀਆਂ ਸਲੀਬਾਂ
ਤਾਂ ਸੋਚਦੀ ਹਾਂ
ਤੈਨੂੰ ਆਖਾਂ
ਘਰੋਂ ਬਾਹਰ ਨਾ ਜਾਈਂ
ਕਿੱਥੇ ਜਾਏਂਗਾ...
   

ਕੋਈ ਨਹੀਂ ਐਸਾ ਸੂਰਜ
ਜਿਸ ਦੀ ਟਾਹਣੀ ਤੋਂ ਤੋੜ ਲਿਆਏਂਗਾ
ਤੂੰ ਸੰਦਲੀ ਸਵੇਰਾ....
   

ਕੋਈ ਨਹੀਂ ਐਸਾ ਪਰਬਤ
ਜਿਸ ਦੀ ਚੋਟੀ ਤੋਂ ਧੂਹ ਲਿਆਏਂਗਾ
ਦੁੱਧ ਦੀਆਂ ਨਦੀਆਂ....

  
ਕੋਈ ਨਹੀਂ ਐਸਾ ਰੁੱਖ
ਜਿਸ 'ਤੇ ਬੈਠੀਆਂ ਹੋਣਗੀਆਂ
ਸੋਨੇ ਦੀਆਂ ਚਿੜੀਆਂ...

  
ਤੇ ਫਿਰ ਆਪ ਹੀ ਠੋਰਦੀ ਹਾਂ
ਆਪਣਾ ਮੱਥਾ
ਤੇ ਮੋੜਦੀ ਹਾਂ
ਸੋਚਾਂ ਦੇ ਪੁੱਠੇ ਵਹਿਣ ਨੂੰ....

ਕਿ ਮੁਮਕਿਨ ਨਹੀਂ ਹੁੰਦਾ
ਘਰਾਂ ਦੀਆਂ ਛੱਤਾਂ ਥੱਲੇ
ਨੀਲੇ ਆਸਮਾਨ ਨੂੰ ਘਸੀਟ ਲਿਆਉਣਾ
ਤੇ ਕੰਧਾਂ ਪਿੱਛੇ ਰਹਿ ਕੇ
ਨਹੀਂ ਲੜੇ ਜਾਂਦੇ
ਜ਼ਿੰਦਗੀ ਦੇ ਯੁੱਧ

  
ਨਹੀਂ ਹਟਦਾ
ਚੁੱਲ੍ਹਿਆਂ ਦੀ ਅੱਗ ਨਾਲ
ਭੁੱਖ ਦਾ ਕਾਂਬਾ
ਨਹੀਂ ਮਿਟਦਾ
ਆਲੇ ਵਿੱਚ ਜਗਦੀ ਜੋਤ ਨਾਲ
ਗੁਰਬਤ ਦਾ ਹਨੇਰ

  
ਕਿ ਜਾਣਾ ਹੀ ਪੈਂਦਾ ਹੈ
ਇਕ ਨਾ ਇਕ ਦਿਨ ਤਾਂ
ਪੁੱਤਰਾਂ ਨੂੰ ਘਰੋਂ ਬਾਹਰ....

  
ਤਾਂ ਮਨ ਹੀ ਮਨ
ਤੈਨੂੰ ਲੰਮੇ ਪੈਂਡਿਆਂ ਦੀ
ਅਸੀਸ ਦਿੰਦੀ ਹਾਂ....

  
ਤੇ ਦੁਆ ਕਰਦੀ ਹਾਂ
ਤੇਰੇ ਅੰਗ-ਸੰਗ ਰਹੇ
ਘਰ ਦਾ ਨਿੱਘ
ਤੇ ਮੱਥੇ ਵਿਚ ਰੌਸ਼ਨ ਰਹੇ
ਆਲੇ ਵਿਚਲੀ ਜੋਤ

 
ਤੂੰ ਜੰਮ-ਜੰਮ ਜਾਹ ਸਫ਼ਰਾਂ 'ਤੇ
ਮੇਰਿਆ ਛਿੰਦਿਆ!
ਤੇਰਾ ਹਰ ਕਦਮ ਮੁਬਾਰਕ ਹੋਵੇ....