| |
ਸਤੰਬਰ 1, 2008
ਪੰਜਾਬੀ ਸਾਹਿਤ ਵਿੱਚ ਮਾਨ, ਸਨਮਾਨ, ਅਤੇ ਪੁਰਸਕਾਰ
-ਪ੍ਰੇਮ ਮਾਨ
ਹੁਣੇ ਹੁਣੇ ਕੁਝ ਪੰਜਾਬੀ ਸਾਹਿਤਕਾਰਾਂ ਅਤੇ ਪੱਤਰਕਾਰਾਂ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰ ਦਿੱਤੇ ਗਏ ਸਨ ਜਿਨ੍ਹਾਂ ਕਾਰਨ ਕਾਫੀ ਵਾਦ-ਵਿਵਾਦ ਛਿੜਿਆ ਹੈ। ਕੁਝ ਇਕ ਨੇ ਚੰਗਾ ਕਿਹਾ ਅਤੇ ਬਹੁਤਿਆਂ ਨੇ ਮੰਦਾ ਕਿਹਾ। ਕੁਝ ਇਕ ਨੇ ਸਲਾਹਿਆ ਅਤੇ ਬਹੁਤਿਆਂ ਨੇ ਭੰਡਿਆ। ਜਿਨ੍ਹਾਂ ਨੇ ਭੰਡਿਆ ਹੈ ਉਨ੍ਹਾਂ ਨੇ ਆਮ ਤੌਰ ਤੇ ਅਸੂਲਾਂ ਨੂੰ ਤੋੜਨ-ਮਰੋੜਨ, ਗ਼ਲਤ ਤਰੀਕੇ ਨਾਲ ਪੁਰਸਕਾਰ ਵੰਡਣ, ਅਤੇ ਕੁਝ ਇਕ ਪੁਰਸਕਾਰ ਲੈਣ ਵਾਲਿਆਂ ਦਾ ਕਮੇਟੀ ਦੇ ਮੈਂਬਰ ਹੋਣ ਨੂੰ ਹੀ ਭੰਡਿਆ ਹੈ।
ਪੰਜਾਬੀ ਸਾਹਿਤ ਵਿੱਚ ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਇਨਾਮ ਸਨਮਾਨ ਇਸ ਤਰ੍ਹਾਂ ਦਿੱਤੇ ਗਏ ਹਨ, ਅਤੇ ਨਾ ਹੀ ਇਹ ਆਖਰੀ ਵਾਰੀ ਹੈ। ਪੰਜਾਬੀ ਸਾਹਿਤ ਵਿੱਚ ਜਿਸ ਤਰ੍ਹਾਂ ਇਨਾਮ ਸਨਮਾਨ ਦਿੱਤੇ ਜਾਂਦੇ ਹਨ, ਇਸ ਬਾਰੇ ਸਾਨੂੰ ਸਭ ਨੂੰ ਹੀ ਪਤਾ ਹੈ, ਅਤੇ ਇਹ ਉਤਨਾ ਚਿਰ ਇਸ ਤਰ੍ਹਾਂ ਹੀ ਦਿੱਤੇ ਜਾਂਦੇ ਰਹਿਣਗੇ ਜਦੋਂ ਤੱਕ ਲੋਕ ਅਵਾਜ਼ ਨਹੀਂ ਉਠਾਉਣਗੇ ਅਤੇ ਗ਼ਲਤ ਨੂੰ ਗ਼ਲਤ ਨਹੀਂ ਕਹਿਣਗੇ।
ਵੈਸੇ ਤਾਂ ਜਿਨ੍ਹਾਂ ਸਾਹਿਤਕਾਰਾਂ ਅਤੇ ਪੱਤਰਕਾਰਾਂ ਨੂੰ ਇਹ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰ ਮਿਲੇ ਹਨ ਉਨ੍ਹਾਂ ਵਿੱਚੋਂ ਕੁਝ ਤਾਂ ਬਹੁਤ ਚੰਗੇ ਸਾਹਿਤਕਾਰ ਅਤੇ ਪੱਤਰਕਾਰ ਹਨ ਅਤੇ ਉਨ੍ਹਾਂ ਨੂੰ ਇਸ ਸਾਲ ਨਹੀਂ ਤਾਂ ਥੋੜੇ ਹੋਰ ਸਾਲਾਂ ਵਿੱਚ ਇਹ ਇਨਾਮ ਸਨਮਾਨ ਮਿਲ ਹੀ ਜਾਣੇ ਸਨ ਜੇ ਇਹ ਇਮਾਨਦਾਰੀ ਨਾਲ ਦਿੱਤੇ ਜਾਣ। ਪਰ ਜਿਸ ਗੱਲ ਤੇ ਇਤਰਾਜ਼ ਹੈ ਉਹ ਹੈ ਇਨ੍ਹਾਂ ਪੁਰਸਕਾਰਾਂ ਦੇ ਚੋਣ ਢੰਗ ਤੇ। ਜੇ ਕੋਈ ਵੀ ਸਾਹਿਤਕਾਰ ਜਾਂ ਪੱਤਰਕਾਰ ਕਿਸੇ ਮਾਨ-ਸਨਮਾਨ ਜਾਂ ਪੁਰਸਕਾਰ ਲਈ ਉਮੀਦਵਾਰ ਹੋਵੇ ਤਾਂ ਉਹ ਇਨਸਾਨ ਜਾਂ ਉਸਦਾ ਕੋਈ ਵੀ ਰਿਸ਼ਤੇਦਾਰ ਵਗੈਰਾ ਫੈਸਲਾ ਕਰਨ ਵਾਲੀ ਕਮੇਟੀ ਦਾ ਮੈਂਬਰ ਬਿਲਕੁਲ ਨਹੀਂ ਹੋਣਾ ਚਾਹੀਦਾ। ਪੰਜਾਬੀ ਵਿੱਚ (ਅਤੇ ਸ਼ਾਇਦ ਹਿੰਦੁਸਤਾਨ ਵਿੱਚ ਹੀ) ਇਹੋ ਜਿਹੀਆਂ ਗੱਲਾਂ ਆਮ ਵਾਪਰਦੀਆਂ ਹਨ। ਆਪਣੇ ਆਪ ਨੂੰ ਹੀ ਇਨਾਮ ਅਤੇ ਮਾਨ-ਸਨਮਾਨ ਦੇ ਲੈਣਾ ਜਾਂ ਦਿਵਾ ਲੈਣਾ, ਇਨਾਮਾਂ ਲਈ ਅਸਲ-ਰਸੂਖ਼ ਵਰਤਣੇ, ਸੌਦੇ-ਵਾਜੀਆਂ ਕਰਨੀਆਂ, ਸਿਫਾਰਸ਼ਾਂ ਪਾਉਣੀਆਂ ਅਤੇ ਪਵਾਉਣੀਆਂ, ਗੰਢਾਂ-ਤੁੱਪਾਂ ਕਰਨੀਆਂ, ਸ਼ਾਇਦ ਰਿਸ਼ਵਤਾਂ ਵੀ ਦੇ ਦਿਵਾ ਲੈਣੀਆਂ ਪੰਜਾਬੀ ਸਾਹਿਤ ਵਿੱਚ ਆਮ ਹੀ ਚਲਦਾ ਹੈ। ਆਪਣੇ ਰਿਸ਼ਤੇਦਾਰਾਂ ਨੂੰ ਇਨਾਮ ਸਨਮਾਨ ਦੇਣੇ ਦਿਵਾਉਣੇ, ਆਪਣੇ ਗੂੜ੍ਹੇ ਦੋਸਤਾਂ ਨੂੰ ਇਨਾਮਾਂ ਸਨਮਾਨਾਂ ਨਾਲ ਖੁਸ਼ ਕਰਨਾ ਕਰਾਉਣਾ, ਆਪਣੇ ਆਸ਼ਕਾਂ-ਮਾਸ਼ੂਕਾਂ ਨੂੰ ਇਨਾਮ ਦੇਣ ਦਿਵਾਉਣ ਲਈ ਹਰ ਤਰ੍ਹਾਂ ਦੇ ਤਰੀਕੇ ਵਰਤਣੇ ਅਤੇ ਵਾਹ ਲਾਉਣੀ ਆਦਿ ਸਭ ਪੰਜਾਬੀ ਸਾਹਿਤਕ ਖੇਤਰ ਦੀ ਬਹੁਤ ਪੱਕੀ ਤਰ੍ਹਾਂ ਸਥਾਪਤ ਹੋ ਚੁੱਕੀ ਰਵਾਇਤ ਹੈ। ਜੇ ਪੁੱਛਣਾ ਹੈ ਤਾਂ ਇਹ ਪੁੱਛੋ ਕਿ ਪੰਜਾਬੀ ਸਾਹਿਤਕ ਇਨਾਮਾਂ ਸਨਮਾਨਾਂ ਨੂੰ ਲੈਣ ਲਈ ਕੀ ਨਹੀਂ ਕੀਤਾ ਜਾਂਦਾ ਜਾਂ ਵਰਤਿਆ ਜਾਂਦਾ। ਪੰਜਾਬੀ ਸਾਹਿਤ ਵਿੱਚ ਇਹੋ ਜਿਹੇ ਸਾਹਿਤਕਾਰਾਂ ਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਸਾਹਿਤ ਅਕੈਡਮੀ ਪੁਰਸਕਾਰ, ਅਤੇ ਹੋਰ ਬਹੁਤ ਸਾਰੇ ਇਨਾਮ-ਸਨਮਾਨ ਦਿੱਤੇ ਜਾ ਚੁੱਕੇ ਹਨ ਜਿਨ੍ਹਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਇਨ੍ਹਾਂ ਇਨਾਮਾਂ ਦੀ ਪ੍ਰਤਿਭਾ ਦੇ ਨੇੜੇ ਤੇੜੇ ਵੀ ਨਹੀਂ। ਦੂਜੇ ਪਾਸੇ ਇਹੋ ਜਿਹੇ ਪੰਜਾਬੀ ਸਾਹਿਤਕਾਰ ਵੀ ਹਨ ਜਿਨ੍ਹਾਂ ਨੂੰ ਇਹ ਇਨਾਮ ਸਨਮਾਨ ਮਿਲਨੇ ਚਾਹੀਦੇ ਹਨ ਪਰ ਉਨ੍ਹਾਂ ਨੂੰ ਨਹੀਂ ਮਿਲੇ ਜਾਂ ਦਿੱਤੇ ਗਏ ਕਿਉਂਕਿ ਉਹ ਉਨ੍ਹਾਂ ਜੁੱਟ ਬੰਦੀਆਂ ਅਤੇ ਦਾਇਰਿਆਂ ਦੇ ਵਿੱਚ ਨਹੀਂ ਆਉਂਦੇ ਜੋ ਇਨ੍ਹਾਂ ਇਨਾਮਾਂ ਦੇ ਫੈਸਲੇ ਕਰਦੇ ਹਨ। ਇਸ ਸਾਲ ਵੀ ਕਈ ਅਜਿਹੇ ਸਾਹਿਤਕਾਰਾਂ ਨੂੰ ਸ਼੍ਰੋਮਣੀ ਪੁਰਸਕਾਰ ਮਿਲੇ ਹਨ ਜਿਨ੍ਹਾਂ ਤੋਂ ਵਧੀਆ ਕਈ ਹੋਰ ਲੇਖਕ ਬੈਠੇ ਹਨ ਜੋ ਇਨ੍ਹਾਂ ਪੁਰਸਕਾਰਾਂ ਦੇ ਜ਼ਿਆਦਾ ਹੱਕਦਾਰ ਹਨ ਪਰ ਸ਼ਾਇਦ ਇਨਾਮ ਦੇਣ ਵਾਲਿਆਂ ਵਿੱਚ ਉਨ੍ਹਾਂ ਦਾ ਕੋਈ ਵੀ ਰਿਸ਼ਤੇਦਾਰ, ਦੋਸਤ, ਪਤੀ, ਪਤਨੀ, ਆਸ਼ਕ, ਜਾਂ ਮਾਸ਼ੂਕ ਨਹੀਂ ਸੀ ਬੈਠਾ ਜੋ ਉਨ੍ਹਾਂ ਲਈ ਅਵਾਜ਼ ਉਠਾ ਸਕਦਾ।
ਅਸਲ ਵਿੱਚ ਇਹ ਕਹਿਣਾ ਅੱਤਕਥਨੀ ਨਹੀਂ ਕਿ ਸਾਡੇ ਪੰਜਾਬੀਆਂ ਵਿੱਚੋਂ ਈਮਾਨਦਾਰੀ ਨਾਲ ਫੈਸਲੇ ਕਰਨ ਦੀ ਆਦਤ ਬਹੁਤ ਹੱਦ ਤੱਕ ਖ਼ਤਮ ਹੋ ਗਈ ਹੈ ਅਤੇ ਰਹਿੰਦੀ ਖੂੰਹਦੀ ਖ਼ਤਮ ਹੋ ਰਹੀ ਹੈ। ਇਹ ਗੱਲ ਸਿਰਫ਼ ਪੰਜਾਬੀ ਸਾਹਿਤਕ ਪੁਰਸਕਾਰ ਦੇਣ-ਲੈਣ ਤੇ ਹੀ ਲਾਗੂ ਨਹੀਂ ਹੁੰਦੀ ਸਗੋਂ ਹਰ ਤਰ੍ਹਾਂ ਦੇ ਹੁੰਦੇ ਫੈਸਲਿਆਂ ਤੇ ਲਾਗੂ ਹੁੰਦੀ ਹੈ। ਇੱਥੇ ਤਾਂ ਜਿਸਦੀ ਲਾਠੀ ਉਸਦੀ ਭੈਂਸ ਵਾਲੀ ਗੱਲ ਹੈ। ਜਾਂ ਫਿਰ ਤਕੜੇ ਦਾ ਸੱਤੀਂ ਵੀਹੀਂ ਸੌ। ਮਾੜੇ ਤੇ ਨਿਤਾਣੇ ਇਨਸਾਨ ਨੂੰ ਕੌਣ ਪੁੱਛਦਾ ਹੈ? ਜਿਸ ਇਨਸਾਨ ਦੀ ਕੋਈ ਪਹੁੰਚ ਨਹੀਂ, ਜਾਂ ਜਿਹੜਾ ਇਨਸਾਨ ਬੇਈਮਾਨੀ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੁੰਦਾ, ਜਾਂ ਜਿਹੜਾ ਤਕੜੇ ਅਤੇ ਪਹੁੰਚ ਵਾਲੇ ਇਨਸਾਨਾਂ ਦੀ ਚਾਪਲੂਸੀ ਕਰਕੇ ਉਨ੍ਹਾਂ ਨਾਲ ਦੋਸਤੀਆਂ ਨਹੀਂ ਗੰਢਦਾ, ਜਾਂ ਜਿਹੜਾ ਪੈਸੇ ਖਰਚ ਕੇ ਨਾਮਵਰ ਇਨਸਾਨਾਂ ਨੂੰ ਨਹੀਂ ਖਰੀਦਦਾ ਉਹ ਇਨਸਾਨ ਅੱਜ ਕੱਲ ਆਮ ਤੌਰ ਤੇ ਕੁਝ ਪ੍ਰਾਪਤ ਨਹੀਂ ਕਰ ਸਕਦਾ। ਬਹੁਤੇ ਫੈਸਲੇ ਦੋਸਤੀਆਂ, ਰਿਸ਼ਤਿਆਂ, ਅਤੇ ਸੰਬੰਧਾਂ ਦੇ ਅਧਾਰ ਤੇ ਹੀ ਹੁੰਦੇ ਹਨ। ਇਹ ਇਕ ਦਲਦਲ ਹੈ ਜਿਸ ਵਿੱਚ ਅਸੀਂ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਹਾਂ। ਕੀ ਅਸੀਂ ਇਸ ਦਲਦਲ 'ਚੋਂ ਕਦੇ ਨਿਕਲ ਸਕਾਂਗੇ? ਕੀ ਅਸੀਂ ਇਸ ਸਾਲ ਦੇ ਪੁਰਸਕਾਰਾਂ ਕਾਰਨ ਹੋਏ ਵਾਦ-ਵਿਵਾਦ ਕਾਰਨ ਕੋਈ ਸੁਧਾਰ ਲਿਆ ਸਕਾਂਗੇ? ਬਹੁਤੀ ਆਸ ਨਹੀਂ ਬੱਝਦੀ।
ਜੋ ਵੀ ਢੰਗ ਅਸੀਂ ਪੁਰਸਕਾਰ ਲੈਣ ਲਈ ਵਰਤਦੇ ਹਾਂ, ਕੀ ਉਨ੍ਹਾਂ ਦਾ ਕਾਰਨ ਪੁਰਸਕਾਰਾਂ ਲਈ ਭੁੱਖ ਹੈ ਜਾਂ ਪੁਰਸਕਾਰਾਂ ਦੇ ਨਾਲ ਮਿਲਣ ਵਾਲੀ ਮਾਇਆ ਦਾ ਲਾਲਚ? ਅਸੀਂ ਕਿਸੇ ਦੇ ਵੀ ਦਿਲ ਦੀ ਨਹੀਂ ਜਾਣ ਸਕਦੇ। ਇਹ ਤਾਂ ਉਹੀ ਜਾਣਨ ਜਿਨ੍ਹਾਂ ਨੇ ਇਹ ਪੁਰਸਕਾਰ ਨੈਤਿਕਤਾ ਦੇ ਅਸੂਲਾਂ ਦੀ ਹੱਤਿਆ ਕਰ ਕੇ ਲਏ ਹਨ।
ਵੈਸੇ ਜੇ ਦੇਖਿਆ ਜਾਵੇ ਤਾਂ ਪੰਜਾਬੀ ਸਾਹਿਤ ਵਿੱਚ ਬਹੁਤ ਹੀ ਜ਼ਿਆਦਾ ਇਨਾਮ ਸਨਮਾਨ ਦਿੱਤੇ ਜਾਂਦੇ ਹਨ। ਅਸੀਂ ਅਨੇਕਾਂ ਹੀ ਇਨਾਮ ਸਨਮਾਨ ਸ਼ੁਰੂ ਕਰ ਕੇ ਇਨ੍ਹਾਂ ਦੀ ਕਦਰ ਅਤੇ ਕੀਮਤ ਘਟਾ ਰੱਖੀ ਹੈ। ਕੀ ਲੋੜ ਹੈ ਇੰਨੇ ਪੁਰਸਕਾਰਾਂ ਦੀ? ਕਿਤਨਾ ਕੁ ਵੱਡਾ ਹੈ ਪੰਜਾਬ ਅਤੇ ਪੰਜਾਬੀ ਸਾਹਿਤ ਅਤੇ ਪੰਜਾਬੀ ਪੱਤਰਕਾਰੀ ਦਾ ਖੇਤਰ?
ਇਸ ਸਾਲ ਦੇ ਦਿੱਤੇ ਸ਼੍ਰੋਮਣੀ ਸਾਹਿਤ ਪੁਰਸਕਾਰਾਂ ਦੀ ਕਹਾਣੀ ਸੁਣ ਕੇ ਅਮਰੀਕਾ ਦੀ ਇਕ ਵਾਰਦਾਤ ਯਾਦ ਆ ਗਈ। ਸੰਨ 2000 ਵਿੱਚ ਜਦੋਂ ਜਾਰਜ ਬੁਸ਼ ਨੇ ਰਿਪਬਲੀਕਨ ਪਾਰਟੀ ਵਜੋਂ ਪ੍ਰਧਾਨ ਦੀ ਚੋਣ ਲੜਨੀ ਸੀ ਤਾਂ ਉਸਨੇ ਇਕ ਕਮੇਟੀ ਬਣਾਈ ਜਿਸਦੀ ਜਿੰਮੇਵਾਰੀ ਉੱਪ-ਪ੍ਰਧਾਨ ਵਾਸਤੇ ਯੋਗ ਬੰਦਾ ਲੱਭਣ ਦੀ ਸੀ। ਇਸ ਕਮੇਟੀ ਦਾ ਚੇਅਰਮੈਨ ਰਿਚਰਡ ਚੇਨੀ (Richard Cheney) ਨੂੰ ਬਣਾਇਆ ਗਿਆ ਸੀ। ਕੁਝ ਮਹੀਨਿਆਂ ਵਿੱਚ ਕਈ ਯੋਗ ਉਮੀਦਵਾਰਾਂ ਨੂੰ ਇੰਟਰਵੀਊ ਕਰਨ ਤੋਂ ਬਾਅਦ ਰਿਚਰਡ ਚੇਨੀ ਨੇ ਇਸ ਪਦਵੀ ਲਈ ਆਪਣੇ ਆਪ ਨੂੰ ਹੀ ਨਾਮਜ਼ਦ ਕਰਨ ਦੀ ਸਲਾਹ ਦੇ ਦਿੱਤੀ ਕਿਉਂਕਿ ਉਸ ਤੋਂ ਵਧੀਆ ਕੋਈ ਹੋਰ ਉਮੀਦਵਾਰ ਨਹੀਂ ਸੀ। ਇਸ ਸਾਲ ਦੇ ਸ਼੍ਰੋਮਣੀ ਪੁਰਸਕਾਰਾਂ ਲਈ ਵੀ ਕਮੇਟੀ ਦੇ ਕੁਝ ਮੈਂਬਰਾਂ ਨੇ ਇਸ ਤਰ੍ਹਾਂ ਹੀ ਕੀਤੀ। ਗੱਲ ਵੀ ਠੀਕ ਹੈ। ਜੇ ਅਮਰੀਕਾ ਦੇ ਉੱਪ-ਪ੍ਰਧਾਨ ਦੀ ਪਦਵੀ ਲਈ ਇਹ ਕੀਤਾ ਜਾ ਸਕਦਾ ਹੈ ਤਾਂ ਪੰਜਾਬੀ ਸਾਹਿਤ ਦੇ ਪੁਰਸਕਾਰਾਂ ਲਈ ਕਿਉਂ ਨਹੀਂ ਕੀਤਾ ਜਾ ਸਕਦਾ?
ਇਕ ਹੋਰ ਕਹਾਣੀ ਯਾਦ ਆ ਗਈ ਜੋ ਕੈਨੇਡਾ ਵਸਦੇ ਮੇਰੇ ਕਾਲਜ ਵੇਲੇ ਦੇ ਇਕ ਦੋਸਤ ਦੀ ਹੈ। ਬਹੁਤ ਸਾਲ ਪਹਿਲਾਂ ਉਹ ਵਿਆਹ ਕਰਾਉਣ ਬਾਰੇ ਸੋਚ ਰਿਹਾ ਸੀ। ਉਦੋਂ ਵੀ ਉਹ ਕੈਨੇਡਾ ਹੀ ਰਹਿੰਦਾ ਸੀ। ਕਿਸੇ ਰਿਸ਼ਤੇਦਾਰਾਂ ਵਿੱਚੋਂ ਰਿਸ਼ਤੇ ਬਾਰੇ ਗੱਲ ਚਲੀ। ਇਕ ਔਰਤ ਮੇਰੇ ਦੋਸਤ ਨੂੰ ਆਪਣੀ ਇਕ ਰਿਸ਼ਤੇਦਾਰ ਲੜਕੀ ਲਈ ਦੇਖਣ ਆਈ। ਇਹ ਔਰਤ ਵੀ ਅਣਵਿਆਹੀ ਹੀ ਸੀ। ਪਰ ਦੇਖਣ ਆਈ ਔਰਤ ਨੂੰ ਮੇਰਾ ਦੋਸਤ ਆਪਣੇ ਲਈ ਪਸੰਦ ਆ ਗਿਆ ਅਤੇ ਉਸਨੇ ਆਪ ਹੀ ਉਸ ਨਾਲ ਵਿਆਹ ਕਰਾ ਲਿਆ। ਕੁਝ ਇਹੋ ਜਿਹੀ ਗੱਲ ਹੀ ਇਨ੍ਹਾਂ ਸ਼੍ਰੋਮਣੀ ਪੁਰਸਕਾਰਾਂ ਦੀ ਹੋਈ।
ਜ਼ਿੰਦਗੀ ਵਿੱਚ ਮਾਨਾਂ-ਸਨਮਾਨਾਂ ਅਤੇ ਪੁਰਸਕਾਰਾਂ ਦੀ ਕੋਈ ਕੀਮਤ ਨਹੀਂ। ਲੋਕ ਤੁਹਾਨੂੰ ਇਸ ਗੱਲ ਲਈ ਯਾਦ ਨਹੀਂ ਕਰਦੇ ਕਿ ਤੁਹਾਨੂੰ ਕਿੰਨੇ ਮਾਨ-ਸਨਮਾਨ ਅਤੇ ਪੁਰਸਕਾਰ ਮਿਲੇ ਹਨ ਸਗੋਂ ਇਸ ਗੱਲ ਲਈ ਯਾਦ ਕਰਦੇ ਹਨ ਕਿ ਤੁਸੀਂ ਕੰਮ ਕੀ ਕੀਤੇ ਹਨ ਅਤੇ ਲੋਕਤਾ ਨੂੰ ਤੁਹਾਡੀ ਕੀ ਦੇਣ ਹੈ। ਕੀ ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਪ੍ਰੋ. ਮੋਹਣ ਸਿੰਘ, ਸ਼ਿਵ ਕੁਮਾਰ, ਅਤੇ ਅੰਮ੍ਰਿਤਾ ਪ੍ਰੀਤਮ ਨੂੰ ਪੁਰਸਕਾਰਾਂ ਕਰਕੇ ਯਾਦ ਕੀਤਾ ਜਾਂਦਾ ਹੈ? ਬਹੁਤ ਸਾਲ ਪਹਿਲਾਂ ਸੁਖਪਾਲਵੀਰ ਹਸਰਤ ਨੂੰ ਸਾਹਿਤ ਅਕੈਡਮੀ ਦਾ ਇਨਾਮ ਮਿਲਿਆ ਸੀ ਜਿਸ ਉੱਤੇ ਕਾਫੀ ਵਾਦ-ਵਿਵਾਦ ਹੋਇਆ ਸੀ। ਕਿੰਨੇ ਕੁ ਸਾਹਿਤ ਪ੍ਰੇਮੀਆਂ ਨੂੰ ਹਸਰਤ ਦੀਆਂ ਲਿਖਤਾਂ ਬਾਰੇ ਜਾਂ ਉਸਦੀ ਜੀਵਨੀ ਬਾਰੇ ਪਤਾ ਹੈ? ਜੇ ਜਸਵੰਤ ਸਿੰਘ ਕੰਵਲ ਦਾ ਨਾਂ ਰਹਿਣਾ ਹੈ ਤਾਂ ਉਸਦੀਆਂ 'ਪੂਰਨਮਾਸ਼ੀ' ਜਿਹੀਆਂ ਲਿਖਤਾਂ ਕਾਰਨ ਨਾ ਕਿ ਸਨਮਾਨਾਂ ਅਤੇ ਪੁਰਸਕਾਰਾਂ ਕਾਰਨ। ਜੇ ਦਲੀਪ ਕੌਰ ਟਿਵਾਣਾ ਨੂੰ ਲੋਕਾਂ ਨੇ ਯਾਦ ਰੱਖਣਾ ਹੈ ਅਤੇ ਉਸਦੀ ਕਦਰ ਕਰਨੀ ਹੈ ਤਾਂ ਉਸਦੀਆਂ 'ਏਹੁ ਹਮਾਰਾ ਜੀਵਣਾ' ਵਰਗੀਆਂ ਲਿਖਤਾਂ ਕਾਰਨ। ਮੈਨੂੰ ਨਹੀਂ ਪਤਾ ਕਿ ਗੁਰਦਿਆਲ ਸਿੰਘ ਨੂੰ ਕਿੰਨੇ ਕੁ ਸਨਮਾਨ ਅਤੇ ਪੁਰਸਕਾਰ ਹੁਣ ਤੱਕ ਮਿਲ ਚੁੱਕੇ ਹਨ ਪਰ ਉਹ ਸਭ ਦੀਆਂ ਨਜ਼ਰਾਂ ਵਿੱਚ 'ਮੜ੍ਹੀ ਦਾ ਦੀਵਾ' ਅਤੇ 'ਅਣਹੋਏ' ਵਰਗੀਆਂ ਰਚਨਾਵਾਂ ਕਾਰਨ ਇਕ ਸ਼੍ਰੋਮਣੀ ਲੇਖਕ ਹੈ। ਡਾ. ਜਗਤਾਰ ਨੂੰ ਕਿੰਨੇ ਕੁ ਸਨਮਾਨ ਅਤੇ ਪੁਰਸਕਾਰ ਦਿੱਤੇ ਗਏ ਹਨ? ਪਰ ਇਹ ਸਾਰੇ ਜਾਣਦੇ ਹਨ (ਭਾਵੇਂ ਉਹ ਮੰਨਣ ਜਾਂ ਨਾ ਮੰਨਣ) ਕਿ ਉਹ ਇਸ ਵੇਲੇ ਜੀਉਂਦੇ ਪੰਜਾਬੀ ਕਵੀਆਂ ਵਿੱਚੋਂ ਸਭ ਤੋਂ ਸ਼੍ਰੋਮਣੀ ਅਤੇ ਵਧੀਆ ਕਵੀ ਹੈ। ਮੁੱਕਦੀ ਗੱਲ ਇਹ ਹੈ ਕਿ ਸਨਮਾਨਾਂ, ਪੁਰਸਕਾਰਾਂ, ਅਤੇ ਪ੍ਰਧਾਨਗੀਆਂ ਨਾਲ ਕੋਈ ਵੀ ਉੱਚਾ ਨਹੀਂ ਬਣਦਾ। ਸਿਰਫ਼ ਇਨਸਾਨ ਦੇ ਕੰਮ ਹੀ ਉਸਨੂੰ ਉੱਚਾ ਬਣਾ ਸਕਦੇ ਹਨ। ਸਨਮਾਨਾਂ, ਪੁਰਸਕਾਰਾਂ, ਅਤੇ ਪ੍ਰਧਾਨਗੀਆਂ ਪਿੱਛੇ ਲੱਗੀ ਦੌੜ ਸਿਰਫ਼ ਫੋਕੇ ਦਿਖਾਵੇ ਲਈ ਹੈ, ਅਤੇ ਕਈ ਵਾਰੀ ਇਹ ਦੌੜ ਇਨਸਾਨਾਂ ਦੇ ਦੋਗਲੇਪਣ ਅਤੇ ਪਾਖੰਡਵਾਦ ਨੂੰ ਨੰਗਾ ਕਰਦੀ ਹੈ। ਬਹੁਤੀ ਵਾਰੀ ਇਹ ਦੌੜ ਜਾਂ ਭੁੱਖ ਪੁਰਸਕਾਰਾਂ ਨਾਲੋਂ ਪੁਰਸਕਾਰਾਂ ਦੇ ਨਾਲ ਮਿਲਦੀ ਮਾਇਆ ਲਈ ਜ਼ਿਆਦਾ ਹੁੰਦੀ ਹੈ। ਅਸਲੀਅਤ ਤਾਂ ਇਹ ਹੈ ਕਿ ਦੋ-ਤਿੰਨਾਂ ਸਾਲਾਂ ਬਾਦ ਕਿਸੇ ਨੂੰ ਯਾਦ ਨਹੀਂ ਰਹਿਣਾ ਕਿ ਕਿਹੜੇ ਪੁਰਸਕਾਰ ਕਿਸ ਕਿਸ ਨੂੰ ਮਿਲੇ ਸਨ।
ਸਾਡਾ ਹਿੰਦੁਸਤਾਨੀਆਂ ਦਾ ਇਖਲਾਕ ਦਿਨ-ਬ-ਦਿਨ ਗਿਰਦਾ ਹੀ ਜਾ ਰਿਹਾ ਹੈ। ਮੈਂ ਇੱਥੇ ਸਿਰਫ਼ ਪੁਰਸਕਾਰਾਂ ਦੀ ਗੱਲ ਹੀ ਨਹੀਂ ਕਰ ਰਿਹਾ ਪਰ ਜ਼ਿੰਦਗੀ ਦੇ ਹਰ ਪਹਿਲੂ ਦੀ ਗੱਲ ਕਰ ਰਿਹਾਂ। ਅਸੀਂ ਦੂਜਿਆਂ ਦਾ ਹੱਕ ਹਰ ਤਰ੍ਹਾਂ ਹੜੱਪਣ ਦੀ ਝਾਕ ਵਿੱਚ ਰਹਿੰਦੇ ਹਾਂ। ਜਦੋਂ ਵੀ ਕੁਝ ਲੱਭਣ ਦਾ ਮੌਕਾ ਮਿਲੇ, ਚਾਹੇ ਸਿੱਧੀ ਉਂਗਲੀ ਨਾਲ ਅਤੇ ਚਾਹੇ ਟੇਢੀ ਉਂਗਲੀ ਨਾਲ, ਅਸੀਂ ਉਹ ਮੌਕਾ ਨਹੀਂ ਗੁਆਉਣਾ ਚਾਹੁੰਦੇ ਭਾਵੇਂ ਅਸੀਂ ਪ੍ਰਾਪਤ ਹੋਣ ਵਾਲੀ ਚੀਜ਼ ਦੇ ਹੱਕਦਾਰ ਹੋਈਏ ਜਾਂ ਨਾ। ਇਸੇ ਤਰ੍ਹਾਂ ਹੀ ਇਨ੍ਹਾਂ ਸਾਹਿਤਕਾਰਾਂ ਨੂੰ ਕਮੇਟੀ ਦੇ ਮੈਂਬਰ ਬਣ ਕੇ ਆਪਣੇ ਆਪ ਨੂੰ ਅਤੇ ਆਪਣੇ ਜਾਣੇ ਪਛਾਣੇ ਲੇਖਕਾਂ ਨੂੰ ਪੁਰਸਕਾਰ ਦੇਣ ਦਾ ਮੌਕਾ ਮਿਲਿਆ ਸੀ ਜਿਹੜਾ ਇਨ੍ਹਾਂ ਨੇ ਕਿਸੇ ਕੀਮਤ ਤੇ ਵੀ ਹੱਥੋਂ ਗਵਾਉਣਾ ਨਹੀਂ ਸੀ ਚਾਹਿਆ। ਚੰਗਾ ਤਾਂ ਇਹੋ ਹੋਵੇਗਾ ਕਿ ਜਿਨ੍ਹਾਂ ਸਾਹਿਤਕਾਰਾਂ ਉੱਤੇ ਗ਼ਲਤ ਢੰਗ ਨਾਲ ਪੁਰਸਕਾਰ ਲੈਣ ਦਾ ਇਲਜ਼ਾਮ ਲੱਗਾ ਹੈ ਉਹ ਇਨ੍ਹਾਂ ਪੁਰਸਕਾਰਾਂ ਅਤੇ ਮਾਇਆ ਨੂੰ ਵਾਪਸ ਕਰ ਦੇਣ। ਪਰ ਜੇ ਇਹ ਨਹੀਂ ਕਰਨਾ ਤਾਂ ਘੱਟੋ ਘੱਟ ਪੁਰਸਕਾਰਾਂ ਨਾਲ ਹੱਥ ਲੱਗੀ ਮਾਇਆ ਜ਼ਰੂਰ ਗਰੀਬਾਂ ਨੂੰ ਵੰਡ ਦੇਣ।
ਲੇਖਕ ਤਾਂ ਬਹੁਤ ਹੀ ਉੱਚੇ ਇਖਲਾਕ ਵਾਲੇ ਇਨਸਾਨ ਹੋਣੇ ਚਾਹੀਦੇ ਹਨ ਜੋ ਸੱਚ ਨੂੰ ਸੱਚ, ਝੂਠ ਨੂੰ ਝੂਠ, ਗ਼ਲਤ ਨੂੰ ਗ਼ਲਤ, ਅਤੇ ਸਹੀ ਨੂੰ ਸਹੀ ਕਹਿ ਸਕਣ ਬਗੈਰ ਕਿਸੇ ਝਿਜਕ ਦੇ, ਬਗੈਰ ਕਿਸੇ ਈਰਖਾ ਦੇ, ਬਗੈਰ ਕਿਸੇ ਰੰਜਸ਼ ਦੇ, ਅਤੇ ਬਗੈਰ ਕਿਸੇ ਵੈਰ-ਵਿਰੋਧ ਦੇ। ਜੇ ਲੇਖਕ ਹੀ ਜੋ ਲਿਖਦੇ ਹਨ ਉਸ ਤੇ ਪੂਰੇ ਨਾ ਉੱਤਰਨ ਤਾਂ ਬਾਕੀ ਜਨਤਾ ਦਾ ਕੀ ਬਣੂ? ਜੇ ਲੇਖਕ ਸੱਚ ਦਾ ਹੋਕਾ ਦਿੰਦੇ ਹਨ ਤਾਂ ਉਨ੍ਹਾਂ ਨੂੰ ਆਪ ਵੀ ਸੱਚ ਹੀ ਅਪਨਾਉਣਾ ਚਾਹੀਦਾ ਹੈ। ਜੇ ਲੇਖਕ ਇਨਸਾਫ਼ ਬਾਰੇ ਲਿਖਦੇ ਹਨ ਤਾਂ ਉਨ੍ਹਾਂ ਨੂੰ ਇਨਸਾਫ਼ ਪਸੰਦ ਹੀ ਹੋਣਾ ਚਾਹੀਦਾ ਹੈ। ਜਿਸ ਲੇਖਕ ਦੀ ਕਹਿਣੀ ਅਤੇ ਕਰਨੀ ਵਿੱਚ ਫ਼ਰਕ ਹੈ, ਉਹ ਕੀ ਅਗਵਾਈ ਕਰ ਸਕਦਾ ਹੈ? ਜੇ ਸਾਹਿਤਕਾਰ ਹੀ ਇਹੋ ਜਿਹੇ ਕੰਮ ਕਰਨ ਲੱਗ ਪਏ ਤਾਂ ਸਾਹਿਤਕਾਰਾਂ ਅਤੇ ਸਿਆਸਤਦਾਨਾਂ ਵਿੱਚ ਕੀ ਫ਼ਰਕ ਹੋਇਆ ਜਿਨ੍ਹਾਂ ਨੂੰ ਅਸੀਂ ਭੱਦੇ ਭੱਦੇ ਨਾਵਾਂ ਨਾਲ ਸਤਿਕਾਰਦੇ ਹਾਂ?
ਜਿਹੜੇ ਸਾਹਿਤਕਾਰਾਂ ਆਦਿ ਨੇ ਇਸ ਵਾਰੀ ਅਸੂਲਾਂ ਨੂੰ ਭੰਗ ਕਰ ਕੇ ਪੁਰਸਕਾਰ ਲਏ ਜਾਂ ਦਿੱਤੇ ਹਨ, ਉਨ੍ਹਾਂ ਨੂੰ ਅਗਾਂਹ ਵਾਸਤੇ ਫੈਸਲਾ ਕਰਨ ਵਾਲੀ ਕਿਸੇ ਵੀ ਕਮੇਟੀ ਦਾ ਮੈਂਬਰ ਨਹੀਂ ਬਣਾਇਆ ਜਾਣਾ ਚਾਹੀਦਾ। ਜਿਹੜੇ ਸਾਹਿਤਕਾਰ ਪੱਖਪਾਤ ਕਰਨ ਅਤੇ ਰਿਸ਼ਤਿਆਂ ਜਾਂ ਜਾਤਾਂ ਜਾਂ ਦੋਸਤੀਆਂ ਦੇ ਅਧਾਰ ਤੇ ਫੈਸਲੇ ਕਰਨ ਲਈ ਜਾਣੇ ਜਾਂਦੇ ਹੋਣ, ਉਨ੍ਹਾਂ ਨੂੰ ਕਦੇ ਵੀ ਕਿਸੇ ਵੀ ਜਿੰਮੇਵਾਰ ਕਮੇਟੀ ਦਾ ਮੈਂਬਰ ਨਹੀਂ ਬਣਾਇਆ ਜਾਣਾ ਚਾਹੀਦਾ। |