ਮਈ 2008: ਸਾਡੀਆਂ ਆਦਤਾਂ, ਸਾਡੇ ਸੁਭਾਅ - ਸਭਿਆਚਾਰ!

             

   
                               

       

                    

  

              

      ਮਈ 13, 2006  

ਸਾਡੀ ਆਦਤਾਂ, ਸਾਡੇ ਸੁਭਾਅ - ਸਭਿਆਚਾਰ!

                                                                 -ਪ੍ਰੇਮ ਮਾਨ

 

 

ਸਭਿਆਚਾਰ (culture) ਕੀ ਹੈ? ਇਹ ਇਕ ਰੀਤੀ-ਰਿਵਾਜਾਂ, ਰਹਿਣ-ਸਹਿਣ ਦੇ ਢੰਗਾਂ ਅਤੇ ਵਿਸ਼ੇਸ਼ਤਾਵਾਂ, ਅਤੇ ਕਦਰਾਂ-ਕੀਮਤਾਂ ਆਦਿ ਦਾ ਜੋੜ-ਮੇਲ ਅਤੇ ਇਕੱਠ ਹੈ। ਜਦੋਂ ਅਸੀਂ ਕੋਈ ਰੀਤੀ-ਰਿਵਾਜ ਅਤੇ ਕਦਰਾਂ-ਕੀਮਤਾਂ ਆਦਿ ਅਪਣਾ ਲੈਂਦੇ ਹਾਂ ਤਾਂ ਹੌਲੀ ਹੌਲੀ ਉਹੀ ਸਾਡੀ ਜਿੰਦਗੀ ਦੀ ਪਰਿਭਾਸ਼ਾ ਬਣ ਜਾਂਦੀਆਂ ਹਨ ਅਤੇ ਅਸੀਂ ਸਦਾ ਲਈ ਇਨ੍ਹਾਂ ਰੀਤੀ-ਰਿਵਾਜਾਂ ਅਤੇ ਕਦਰਾਂ-ਕੀਮਤਾਂ ਨਾਲ ਜੁੜ ਜਾਂਦੇ ਹਾਂ। ਬੱਸ ਇਹੋ ਸਾਡਾ ਸਭਿਆਚਾਰ ਬਣ ਜਾਂਦਾ ਹੈ। ਅਸੀਂ ਇਨ੍ਹਾਂ ਨਿਸ਼ਾਨ-ਚਿੰਨ੍ਹਾਂ, ਰੀਤੀ-ਰਿਵਾਜਾਂ, ਅਤੇ ਕੀਮਤਾਂ-ਕਦਰਾਂ ਨਾਲ ਅਤੇ ਇਨ੍ਹਾਂ ਦੀਆਂ ਖੂਬੀਆਂ ਅਤੇ ਕੁਰੀਤੀਆਂ ਨਾਲ ਜਾਣੇ ਜਾਣ ਲੱਗ ਪੈਂਦੇ ਹਾਂ। ਹਰ ਸਭਿਆਚਾਰ ਵਿੱਚ ਜਿੱਥੇ ਚੰਗੀਆਂ ਗੱਲਾਂ ਅਤੇ ਖੂਬੀਆਂ ਹੁੰਦੀਆਂ ਹਨ, ਉੱਥੇ ਮਾੜੀਆਂ ਗੱਲਾਂ ਅਤੇ ਬਦੀਆਂ ਵੀ ਜ਼ਰੂਰ ਹੁੰਦੀਆਂ ਹਨ; ਜਿੱਥੇ ਚੰਗੇ ਰੀਤੀ-ਰਿਵਾਜ ਅਤੇ ਕਦਰਾਂ-ਕੀਮਤਾਂ ਹੁੰਦੀਆਂ ਹਨ, ਉੱਥੇ ਮਾੜੇ ਰੀਤੀ-ਰਿਵਾਜ ਅਤੇ ਕਦਰਾਂ-ਕੀਮਤਾਂ ਵੀ ਹੁੰਦੀਆਂ ਹਨ। ਸਭਿਆਚਾਰ ਕਦੇ ਵੀ ਸਥਿਰ ਨਹੀਂ ਰਹਿੰਦਾ। ਇਹ ਲਗਾਤਾਰ ਬਦਲਦਾ ਰਹਿੰਦਾ ਹੈ। ਇਸ ਵਿੱਚ ਨਿਰੰਤਰ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਇਸਦੇ ਰੀਤੀ-ਰਿਵਾਜ, ਵਿਸ਼ੇਸ਼ਤਾਵਾਂ, ਅਤੇ ਕਦਰਾਂ-ਕੀਮਤਾਂ ਹਮੇਸ਼ਾ ਬਦਲਦੀਆਂ ਰਹਿੰਦੀਆਂ ਹਨ।

 

ਸਭਿਆਚਾਰ ਦੇਸ਼ਾਂ ਦਾ ਵੀ ਹੁੰਦਾ ਹੈ, ਸੂਬਿਆਂ ਦਾ ਵੀ ਹੁੰਦਾ ਹੈ, ਸ਼ਹਿਰਾਂ ਜਾਂ ਪਿੰਡਾਂ ਦਾ ਵੀ ਹੁੰਦਾ ਹੈ, ਪਰਿਵਾਰਾਂ ਦਾ ਵੀ ਹੁੰਦਾ ਹੈ, ਕੰਪਨੀਆਂ ਦਾ ਵੀ ਹੁੰਦਾ ਹੈ, ਅਤੇ ਸੰਸਥਾਵਾਂ ਦਾ ਵੀ ਹੁੰਦਾ ਹੈ। ਜੇ ਦੇਖਿਆ ਜਾਵੇ ਤਾਂ ਸਾਰੇ ਹਿੰਦੁਸਤਾਨ ਦਾ ਆਪਣਾ ਸਭਿਆਚਾਰ ਹੈ। ਜਿੱਥੇ ਹਿੰਦੁਸਤਾਨੀ ਇਕ ਦੂਜੇ ਨਾਲ ਹਮਦਰਦੀ ਅਤੇ ਪਿਆਰ ਦਰਸਾਉਣ ਲਈ ਮਸ਼ਹੂਰ ਹਨ, ਉੱਥੇ ਉਹ ਈਰਖਾ ਅਤੇ ਬੇਈਮਾਨੀ ਲਈ ਵੀ ਸਭ ਤੋਂ ਅੱਗੇ ਹੈ। ਜਿੱਥੇ ਹਿੰਦੁਸਤਾਨੀ ਇਕ ਦੂਜੇ ਨਾਲ ਰਲ-ਮਿਲ ਕੇ, ਧਰਮ ਅਤੇ ਰੰਗ-ਰੂਪ ਦੇ ਭੇਦ-ਭਾਵਾਂ ਨੂੰ ਭੁੱਲ ਕੇ, ਸਾਰੇ ਇਕੱਠੇ ਹੋ ਕੇ ਮੌਜ-ਮੇਲੇ ਕਰਨ ਅਤੇ ਤਿਓਹਾਰ ਮਨਾਉਣ ਲਈ ਦਿਲ ਦੇ ਖੁੱਲੇ ਹਨ, ਉੱਥੇ ਬਹੁਤ ਸਾਰੇ ਹਿੰਦੁਸਤਾਨੀ ਕੱਟੜਤਾ ਵਰਗੀਆਂ ਬਿਮਾਰੀਆਂ ਦੇ ਵੀ ਸ਼ਿਕਾਰ ਹਨ ਜਿਨ੍ਹਾਂ ਕਾਰਨ ਹਰ ਸਾਲ ਕਈ ਥਾਈਂ  ਘਿਣਾਉਣੇ ਦੰਗੇ ਫ਼ਸਾਦ ਹੁੰਦੇ ਹਨ ਜੋ ਹਜ਼ਾਰਾਂ ਮਾਸੂਮ ਲੋਕਾਂ ਦੀਆਂ ਜਾਨਾਂ ਤਬਾਹ ਕਰਦੇ ਹਨ। ਜਿੱਥੇ ਹਿੰਦੁਸਤਾਨੀ ਸਖ਼ਤ ਮਿਹਨਤ ਅਤੇ ਜੱਦੋ-ਜਹਿਦ ਕਰ ਕੇ ਸਫ਼ਲ ਹੋਣ ਲਈ ਮਸ਼ਹੂਰ ਹਨ, ਉੱਥੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਆਲਸ ਵਿੱਚ ਵੀ ਕਿਸੇ ਤੋਂ ਘੱਟ ਨਹੀਂ। ਜਿੱਥੇ ਕਿਸੇ ਵੇਲੇ ਹਿੰਦੁਸਤਾਨ ਸਚਾਈ ਅਤੇ ਈਮਾਨਦਾਰੀ ਲਈ ਮਸ਼ਹੂਰ ਸੀ, ਹੁਣ ਇਹ ਝੂਠ, ਰਿਸ਼ਵਤ, ਬੇਈਮਾਨੀ, ਅਤੇ ਜੁਰਮ ਦੇ ਘੇਰੇ ਵਿੱਚ ਘਿਰਿਆ ਪਿਆ - ਇੱਥੋਂ ਤੱਕ ਕਿ ਹਿੰਦੁਸਤਾਨ ਦੇ ਬਹੁਤ ਸਾਰੇ ਚੋਟੀ ਦੇ ਲੀਡਰ ਵੀ ਝੂਠ, ਬੇਈਮਾਨੀ, ਰਿਸ਼ਵਤ, ਅਤੇ ਜੁਰਮ ਦੇ ਇਲਜ਼ਾਮਾਂ ਹੇਠਾਂ ਆਏ ਹਨ। ਜਿੱਥੇ ਈਮਾਨਦਾਰੀ ਅਤੇ ਸਚਾਈ ਹਿੰਦੁਸਤਾਨ ਦੇ ਸਭਿਆਚਾਰ ਦੇ ਖਾਸ ਅੰਗ ਸਨ, ਉੱਥੇ ਹੁਣ ਝੂਠ, ਬੇਈਮਾਨੀ, ਰਿਸ਼ਵਤ, ਅਤੇ ਜੁਰਮ ਇਸਦੇ ਸਭਿਆਚਾਰ ਦੀ ਪਰਿਭਾਸ਼ਾ ਬਣ ਗਏ ਹਨ। ਇਸੇ ਤਰ੍ਹਾਂ ਹਿੰਦੁਸਤਾਨ ਦੇ ਸਭਿਆਚਾਰ ਦੇ ਹੋਰ ਕਈ ਅੰਸ਼ ਵੀ ਬਦਲ ਗਏ ਹਨ। ਜਿਵੇਂ ਕਿਸੇ ਵੇਲੇ ਹਿੰਦੁਸਤਾਨ ਬਹੁਤ ਹੀ ਖ਼ੂਬਸੂਰਤ ਫ਼ਿਲਮਾਂ ਬਣਾਉਣ ਲਈ ਮਸ਼ਹੂਰ ਸੀ ਅੱਜ ਇਹ ਨੰਗੇਜ ਨਾਲ ਭਰੀਆਂ ਫ਼ਿਲਮਾਂ ਬਣਾਉਣ ਲਈ ਬਦਨਾਮ ਹੈ ਜੋ ਇਸਦੇ ਨਵੇਂ ਸਭਿਆਚਾਰ ਦਾ ਹਿੱਸਾ ਬਣ ਗਈਆਂ ਹਨ। ਪੁਰਾਣੀਆਂ ਹਿੰਦੁਸਤਾਨੀ ਫ਼ਿਲਮਾਂ, ਖਾਸ ਕਰ ਕੇ ਰਾਜ ਕਪੂਰ ਦੀਆਂ ਫ਼ਿਲਮਾਂ, ਰੂਸ, ਪੂਰਬੀ ਯੂਰਪ, ਅਫ਼ਰੀਕਾ, ਅਤੇ ਮਿਡਲ ਈਸਟ ਵਿੱਚ ਬੜੇ ਹੀ ਸ਼ੌਕ ਨਾਲ ਦੇਖੀਆਂ ਜਾਂਦੀਆਂ ਸਨ ਅਤੇ ਇਨ੍ਹਾਂ ਫ਼ਿਲਮਾਂ ਰਾਹੀਂ ਇਨ੍ਹਾਂ ਦੇਸ਼ਾਂ ਦੇ ਲੋਕ ਹਿੰਦੁਸਤਾਨੀ ਸਭਿਆਚਾਰ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਸਨ। ਹੁਣ ਜਦੋਂ ਵੀ ਬਾਹਰਲੇ ਮੁਲਕਾਂ ਵਿੱਚ ਟੀ.ਵੀ. ਵਗੈਰਾ ਤੇ ਹਿੰਦੁਸਤਾਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਬਹੁਤੀ ਵਾਰੀ ਇਹ ਹਿੰਦੁਸਤਾਨ ਦੀ ਗਰੀਬੀ ਬਾਰੇ, ਇਸਦੇ ਦੰਗਿਆਂ ਬਾਰੇ, ਗੰਦਗੀ ਬਾਰੇ, ਅਤੇ ਬੇਈਮਾਨੀ ਦੀ ਗੱਲ ਹੀ ਹੁੰਦੀ ਹੈ। ਇਹ ਸਭ ਹਿੰਦੁਸਤਾਨ ਦੇ ਨਵੇਂ ਸਭਿਆਚਾਰ ਦਾ ਹਿੱਸਾ ਬਣ ਗਿਆ ਹੈ। ਬਾਹਰਲੇ ਮੁਲਕਾਂ ਤੋਂ ਆ ਕੇ ਜਦੋਂ ਹਿੰਦੁਸਤਾਨ ਦੀ ਕਿਸੇ ਵੀ ਏਅਰਪੋਰਟ ਤੇ ਉੱਤਰੀਏ ਤਾਂ ਇਨ੍ਹਾਂ ਉੱਪਰ ਲਿਖੀਆਂ ਗੱਲਾਂ ਵਿੱਚੋਂ ਦੋ-ਤਿੰਨ ਗੱਲਾਂ ਦੀ ਝਲਕ ਤਾਂ ਉੱਥੇ ਹੀ ਪੈ ਜਾਂਦੀ ਹੈ। ਕਿਸੇ ਵੇਲੇ ਹਾਕੀ ਦੀ ਖੇਡ ਹਿੰਦੁਸਤਾਨ ਦੇ ਸਭਿਆਚਾਰ ਨਾਲ ਗੂੰਦ ਵਾਂਗ ਜੁੜੀ ਹੋਈ ਸੀ। ਹੁਣ ਹਾਕੀ ਦੀ ਥਾਂ ਕ੍ਰਿਕਟ ਨੇ ਲੈ ਲਈ ਲਗਦੀ ਹੈ ਭਾਵੇਂ ਹਾਕੀ ਹਾਲੇ ਵੀ ਬਹੁਤ ਮਹੱਤਤਾ ਵਾਲਾ ਸਥਾਨ ਰੱਖਦੀ ਹੈ। ਕਦੇ ਹਿੰਦੁਸਤਾਨ ਗੁਰੂਆਂ, ਪੀਰਾਂ, ਪੈਗੰਬਰਾਂ, ਦਰਵੇਸ਼ਾਂ, ਭਗਤਾਂ, ਅਤੇ ਫਕੀਰਾਂ ਦੇ ਨਾਲ ਨਾਲ ਰਾਜਿਆਂ-ਮਹਾਰਾਜਿਆਂ ਦੀ ਧਰਤੀ ਅਖਵਾਉਂਦਾ ਸੀ। ਬਨਾਰਸ ਅਤੇ ਗੁਰੂਕੁਲ ਵਰਗੇ ਅਸਥਾਨ ਵਿਦਵਾਨ ਪੈਦਾ ਕਰਨ ਲਈ ਮਸ਼ਹੂਰ ਸਨ। ਇਹ ਸਭ ਹਿੰਦੁਸਤਾਨ ਦੇ ਸਭਿਆਚਾਰ ਦਾ ਹਿੱਸਾ ਸਨ। ਪਰ ਇਹ ਸਭਿਆਚਾਰ ਬਹੁਤ ਬਦਲ ਗਿਆ ਹੈ। ਅੱਜ ਹਿੰਦੁਸਤਾਨ ਦੇ ਵਿਦਿਆ ਢਾਂਚੇ ਦਾ ਸਭਿਆਚਾਰ ਹੋਰ ਹੀ ਹੋ ਗਿਆ ਹੈ। ਟੀ.ਵੀ. ਉੱਤੇ ਲਗਾਤਾਰ ਸੀਰੀਅਲ (soap operas) ਵਗੈਰਾ ਦਾ ਦਿਖਾਏ ਜਾਣਾ ਨਵੇਂ ਸਭਿਆਚਾਰ ਦੀ ਇਕ ਖਾਸ ਵਿਸ਼ੇਸ਼ਤਾਈ ਹੋ ਗਈ ਹੈ।

 

ਹਿੰਦੁਸਤਾਨ ਦੇ ਹਰ ਸੂਬੇ ਦਾ ਆਪਣਾ ਵੱਖਰਾ ਸਭਿਆਚਾਰ ਹੈ ਭਾਵੇਂ ਕੁਝ ਗੱਲਾਂ ਕਈ ਸੂਬਿਆਂ ਵਿੱਚ ਸਾਂਝੀਆਂ ਹੋ ਸਕਦੀਆਂ ਹਨ। ਪੰਜਾਬੀ ਸਭਿਆਚਾਰ ਦੀ ਗੱਲ ਤਾਂ ਅਸੀਂ ਪੰਜਾਬੀ ਹਰ ਰੋਜ਼ ਹੀ ਕਰਦੇ ਰਹਿੰਦੇ ਹਾਂ। ਇਸ ਸਭਿਆਚਾਰ ਦੀਆਂ ਤਾਰੀਫ਼ਾਂ ਰੋਜ਼ਾਨਾ ਕਰਦੇ ਰਹਿੰਦੇ ਹਾਂ। ਪੰਜਾਬੀ ਹੋਣ ਦਾ ਮਾਣ ਦਰਸਾਉਂਦੇ ਰਹਿੰਦੇ ਹਾਂ। ਇਸਦੇ ਸੋਹਲੇ ਗਾਉਂਦੇ ਰਹਿੰਦੇ ਹਾਂ। ਇਸ ਦੀਆਂ ਡੀਂਗਾਂ ਮਾਰਦੇ ਰਹਿੰਦੇ ਹਾਂ। ''ਪੰਜਾਬੀਆਂ ਦੀ ਸ਼ਾਨ ਵੱਖਰੀ" ਵਰਗੇ ਗੀਤ ਗਾ ਗਾ ਕੇ ਦਿਲ ਪਰਚਾਉਂਦੇ ਰਹਿੰਦੇ ਹਾਂ। ਪਰ ਜਿਸ ਪੰਜਾਬੀ ਸਭਿਆਚਾਰ ਦੇ ਅਸੀਂ ਹਰ ਵੇਲੇ ਗੁਣ ਗਾਉਂਦੇ ਹਾਂ, ਅਸੀਂ ਉਸ ਸਭਿਆਚਾਰ ਨੂੰ ਬਹੁਤ ਹੀ ਤੇਜ਼ੀ ਨਾਲ ਬਦਲ ਰਹੇ ਹਾਂ ਅਤੇ ਉਸਦੀ ਥਾਂ ਨਵਾਂ ਸਭਿਆਚਾਰ ਉਸਾਰ ਰਹੇ ਹਾਂ। ਪੰਜਾਬ ਦੇ ਸਭਿਆਚਾਰ ਬਾਰੇ ਅਨੇਕਾਂ ਕਿਤਾਬਾਂ ਲਿਖੀਆਂ ਗਈਆਂ ਹਨ, ਲੇਖ ਲਿਖੇ ਗਏ ਹਨ, ਨਾਵਲ ਲਿਖੇ ਗਏ ਹਨ, ਕਹਾਣੀਆਂ ਲਿਖੀਆਂ ਗਈਆਂ ਹਨ, ਅਤੇ ਕਵਿਤਾਵਾਂ ਲਿਖੀਆਂ ਗਈਆਂ ਹਨ। ਪੰਜਾਬੀ ਸਭਿਆਚਾਰ ਬਾਰੇ ਸਮੇਂ ਸਮੇਂ ਕਿੱਸੇ ਅਤੇ ਵਾਰਾਂ ਲਿਖੀਆਂ ਗਈਆਂ। ਪ੍ਰੋ. ਪੂਰਨ ਸਿੰਘ ਦੀ ਪੰਜਾਬੀਆਂ ਬਾਰੇ ਲਿਖੀ ਮਸ਼ਹੂਰ ਕਵਿਤਾ ਪੰਜਾਬ ਅਤੇ ਪੰਜਾਬੀਆਂ ਦੇ ਸਭਿਆਚਾਰ ਨੂੰ ਹੀ ਬਿਆਨ ਕਰਦੀ ਹੈ। ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ''ਮੇਰਾ ਪਿੰਡ" ਸਾਡੇ  ਸਭਿਆਚਾਰ ਅਤੇ ਵਿਰਸੇ ਬਾਰੇ ਹੀ ਹੈ। ਪੰਜਾਬੀ ਲੋਕਾਂ ਦੇ ਖੁੱਲੇ ਸੁਭਾਅ ਅਤੇ ਦੂਜਿਆਂ ਲਈ ਆਪਣੇ ਆਪ ਨੂੰ ਨਿਛਾਵਰ ਕਰਨਾ ਸਾਡੇ ਸਭਿਆਚਾਰ ਦਾ ਬਹੁਤ ਹੀ ਮਹੱਤਵਪੂਰਨ ਗੁਣ ਹਨ ਜੋ ਹੌਲੀ ਹੌਲੀ ਅਲੋਪ ਹੋ ਰਹੇ ਹਨ। ਪੁਰਾਣੇ ਵੇਲਿਆਂ ਵਿੱਚ ਪਿੰਡ ਵਿੱਚ ਕਿਸੇ ਦੇ ਘਰ ਵੀ ਵਿਆਹ-ਸ਼ਾਦੀ ਹੋਵੇ ਤਾਂ ਦੁੱਧ ਘਿਓ ਕਦੇ ਮੁੱਲ ਨਹੀਂ ਸੀ ਲੈਣੇ ਪੈਂਦੇ। ਪਿੰਡ ਵਿੱਚ ਕਿਸੇ ਵੀ ਲੜਕੇ ਜਾਂ ਲੜਕੀ ਦਾ ਵਿਆਹ ਸਾਰੇ ਪਿੰਡ ਦੇ ਲੜਕੇ-ਲੜਕੀ ਦਾ ਵਿਆਹ ਸਮਝਿਆ ਜਾਂਦਾ ਸੀ। ਸਾਡੇ ਸਭਿਆਚਾਰ ਦਾ ਇਹ ਗੁਣ ਵੀ ਲਗਭਗ ਖਤਮ ਹੀ ਹੋ ਗਿਆ ਹੈ। ਪਿੰਡਾਂ ਵਿੱਚ ਅਖਾੜੇ ਲਾਉਣੇ, ਕੁਸ਼ਤੀਆਂ ਕਰਨੀਆਂ, ਕਬੱਡੀ ਵਰਗੀਆਂ ਖੇਡਾਂ ਖੇਡਣੀਆਂ, ਮੇਲੇ ਲੱਗਣੇ, ਤ੍ਰਿੰਜਣਾਂ ਦੇ ਤਿਓਹਾਰ, ਪੀਂਘਾਂ ਪਾਉਣੀਆਂ ਤੇ ਝੂਟਣੀਆਂ ਆਦਿ ਸਾਡੇ ਹਰਮਨ ਪਿਆਰੇ ਸਭਿਆਚਾਰ ਦੇ ਹਿੱਸੇ ਹੀ ਸਨ ਜੋ ਹੌਲੀ ਹੌਲੀ ਖ਼ਤਮ ਹੋ ਰਹੇ ਹਨ ਅਤੇ ਇਨ੍ਹਾਂ ਦੀ ਜਗ੍ਹਾ ਕੁਝ ਨਵੇਂ ਰੀਤੀ-ਰਿਵਾਜ ਲੈ ਰਹੇ ਹਨ। ਜਿਸ ਤਰ੍ਹਾਂ ਰਲ ਮਿਲ ਕੇ ਵਿਸਾਖੀ, ਲੋਹੜੀ, ਦਿਵਾਲੀ, ਹੋਲੀ ਆਦਿ ਦੇ ਤਿਓਹਾਰ ਮਨਾਏ ਜਾਂਦੇ ਸਨ ਇਹ ਸਾਡੇ ਸਭਿਆਚਾਰ ਦਾ ਖਾਸ ਹਿੱਸਾ ਸਨ। ਪਰ ਇਨ੍ਹਾਂ ਤਿਓਹਾਰਾਂ ਦੇ ਮਨਾਉਣ ਦੇ ਢੰਗ ਅਤੇ ਤੌਰ-ਤਰੀਕੇ ਵੀ ਕੁਝ ਬਦਲ ਗਏ ਹਨ ਅਤੇ ਕੁਝ ਬਦਲ ਰਹੇ ਹਨ। ਭੱਠੀਆਂ ਤੇ ਦਾਣੇ ਭੁਨਾਉਣ ਜਾਣਾ, ਬਰਸਾਤਾਂ ਦੇ ਦਿਨਾਂ ਵਿੱਚ ਘਰਾਂ ਵਿੱਚ ਪੂੜੇ ਪਕਾਉਣੇ, ਬਜ਼ੁਰਗਾਂ ਦਾ ਪਿੰਡਾਂ ਵਿੱਚ ਬੰਬਿਆਂ ਤੇ ਬੈਠਣਾ ਆਦਿ ਸਾਡੇ ਸਭਿਆਚਾਰ ਦੇ ਅੰਗ ਸਨ। ਪਿੱਪਲ, ਬੋਹੜਾਂ, ਕਿੱਕਰਾਂ, ਜਾਮਣਾਂ, ਬੇਰੀਆਂ, ਅੰਬ, ਤੂਤ ਸਭ ਸਾਡੇ ਸਭਿਆਚਾਰ ਦੇ ਜ਼ਰੂਰੀ ਹਿੱਸੇ ਸਨ ਜੋ ਬਹੁਤ ਹੱਦ ਤੱਕ ਖ਼ਤਮ ਹੋ ਗਏ ਹਨ। ਕਦੇ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਅਤੇ ਯਮਲੇ ਦੇ ਗਾਏ ਗੀਤ ਸਾਡੇ ਸਭਿਆਚਾਰ ਦੀ ਪ੍ਰਤੀਨਿਧਤਾ ਕਰਦੇ ਸਨ। ਫਿਰ ਦੀਦਾਰ ਸਿੰਘ ਅਤੇ ਚਮਕੀਲੇ ਵਰਗਿਆਂ ਨੇ ਸਾਡੇ ਸਭਿਆਚਾਰ ਨੂੰ ਬਿਆਨ ਕਰਨਾ ਸ਼ੁਰੂ ਕਰ ਦਿੱਤਾ। ਫਿਰ ਨੁਸਰਤ ਜੀ, ਬਡਾਲੀ ਭਰਾ, ਬਰਕਤ ਸਿੱਧੂ, ਗੁਰਦਾਸ ਮਾਨ, ਅਤੇ ਹੰਸ ਸਾਡੇ ਸਭਿਆਚਾਰ ਨੂੰ ਚੰਗੇ ਪਾਸੇ ਵਲ ਲਿਜਾਣ ਦੀ ਕੋਸ਼ਿਸ਼ ਕਰਨ ਲੱਗੇ। ਹੁਣ ਮਿਸ ਪੂਜਾ ਵਰਗਿਆਂ ਨੇ ਸਾਡੇ ਸਭਿਆਚਾਰ ਦੇ ਸੰਗੀਤ ਦੇ ਪੱਖ ਨੂੰ ਵਰਗਲਾ  ਲਿਆ ਹੈ। ਰੱਬ ਜਾਣੇ ਅੱਗੇ ਕੀ ਆਵੇਗਾ। ਵਾਹਿਗੁਰੂ ਕਰੇ ਨੁਸਰਤ, ਬਡਾਲੀ ਭਰਾ, ਗੁਰਦਾਸ ਮਾਨ, ਹੰਸ, ਅਬੀਦਾ ਪਰਵੀਨ, ਬਰਕਤ ਸਿੱਧੂ, ਅਤੇ ਪੂਰਨ ਸ਼ਾਹਕੋਟੀ ਦੇ ਗੀਤ ਸੰਗੀਤ ਹਮੇਸ਼ਾ ਲਈ ਸਾਡੇ ਪੰਜਾਬੀ ਸਭਿਆਚਾਰ ਦਾ ਅੰਗ ਬਣੇ ਰਹਿਣ। ਚਰਖੇ, ਫੁਲਕਾਰੀਆਂ, ਫੁੱਲਾਂ ਅਤੇ ਘੁੰਗਰੂਆਂ ਵਾਲੀਆਂ ਪੱਖੀਆਂ, ਘੱਗਰੇ, ਚਾਦਰੇ, ਤੁਰਲੇ ਵਾਲੀ ਪੱਗ ਆਦਿ ਸਭ ਸਾਡੇ ਪੰਜਾਬੀ ਸਭਿਆਚਾਰ ਨੂੰ ਹੋਰ ਵੀ ਖ਼ੂਬਸੂਰਤ ਬਣਾਉਂਦੇ ਸਨ। ਬਰਾਤ ਦਾ ਕਈ ਕਈ ਦਿਨ ਰਹਿਣਾ, ਵਿਆਹਾਂ ਵਿੱਚ ਗੀਤ, ਭੰਗੜੇ, ਗਿੱਧੇ, ਅਤੇ ਸਿੱਠਣੀਆਂ ਦੇਣ ਦੇ ਰਿਵਾਜ, ਅਤੇ ਵਿਆਹਾਂ ਵਿੱਚ ਢੱਡ ਸਾਨਗੀਆਂ ਵਾਲੇ ਕਵੀਸ਼ਰਾਂ ਦਾ ਗਾਉਣਾ ਪੰਜਾਬੀ ਸਭਿਆਚਾਰ ਦੇ ਮਿਰਗੀ ਨੈਣਨਕਸ਼ ਸਨ। ਸਿਰਫ਼ ਕੁਝ ਦਹਾਕੇ ਪਹਿਲਾਂ ਦੇ ਪੰਜਾਬੀ ਸਭਿਆਚਾਰ ਦੇ ਕੁਝ ਹੋਰ ਮਹੱਤਵਪੂਰਨ ਅੰਗ ਇਹ ਸਨ: ਖੂਹ, ਗੱਡੇ, ਰਥ, ਖੂਹਾਂ ਤੋਂ ਪਾਣੀ ਦੇ ਘੜੇ ਭਰ ਕੇ ਲਿਆਉਣੇ, ਖੇਤਾਂ ਵਿੱਚ ਭੱਤੇ ਲੈ ਕੇ ਜਾਣਾ, ਸਾਫ਼ ਸੁਥਰੇ ਗੀਤ, ਬੋਲੀਆਂ, ਇਕ ਦੂਜੇ ਦੀ ਸ਼ਰਮ ਸੰਗ, ਵੱਡਿਆਂ ਦਾ ਸਤਿਕਾਰ, ਅਧਿਆਪਕਾਂ ਨੂੰ ਗੁਰੁ ਦੇ ਸਮਾਨ ਸਮਝਣਾ, ਵਿਆਹਾਂ ਵਿੱਚ ਦਾਜ ਦੇਣਾ, ਸੰਦੂਕ, ਪੇਟੀਆਂ, ਆਦਿ ਆਦਿ। ਪਰ ਸਭਿਆਚਾਰ ਦੇ ਇਨ੍ਹਾਂ ਅੰਗਾਂ ਵਿੱਚੋਂ ਬਹੁਤ ਸਾਰੇ ਬਦਲ ਚੁੱਕੇ ਜਾਂ ਖ਼ਤਮ ਹੋ ਗਏ ਹਨ ਅਤੇ ਕਈ ਹੋਰ ਬਦਲ ਰਹੇ ਜਾਂ ਖ਼ਤਮ ਹੋ ਰਹੇ ਹਨ। ਸਭਿਆਚਾਰ ਦੇ ਇਨ੍ਹਾਂ ਗੁਣਾਂ-ਔਗੁਣਾਂ ਵਿੱਚੋਂ ਕਈਆਂ ਦੇ ਬਦਲਣ ਦਾ ਤਾਂ ਕੋਈ ਰੋਸ ਨਹੀਂ ਸਗੋਂ ਖੁਸ਼ੀ ਹੈ ਕਿ ਇਹ ਖ਼ਤਮ ਹੋ ਗਏ ਹਨ। ਪਰ ਕਈ ਗੁਣਾਂ ਦੇ ਖ਼ਤਮ ਹੋਣ ਦਾ ਗ਼ਮ ਅਤੇ ਦੁੱਖ ਹੈ। ''ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਹੈ" ਗੀਤ ਅਨੁਸਾਰ ਬਹੁਤ ਸਾਰੇ ਪੁਰਾਣੇ ਰਿਵਾਜ ਖ਼ਤਮ ਹੋ ਕੇ ਉਨ੍ਹਾਂ ਦੀ ਥਾਂ ਨਵਿਆਂ ਨੇ ਲੈ ਲਈ ਹੈ ਅਤੇ ਇਹ ਨਵੇਂ ਰੀਤੀ-ਰਿਵਾਜਾਂ ਵਿੱਚੋਂ ਕੁਝ ਰੀਤੀ-ਰਿਵਾਜ ਚੰਗੇ ਹਨ ਅਤੇ ਕੁਝ ਮਾੜੇ ਹਨ। ਹੁਣ ਵਿਆਹ ਮੈਰਿਜ ਪੈਲਿਸਾਂ ਵਿੱਚ ਹੋਣ ਲੱਗ ਪਏ ਹਨ। ਢੱਡ ਸਾਨਗੀ ਵਾਲੇ ਕਵੀਸ਼ਰਾਂ ਦੀ ਥਾਂ ਪਹਿਲਾਂ ਗਾਇਕਾਂ ਨੇ ਲਈ ਸੀ, ਫਿਰ ਡੀ.ਜੇ. ਆ ਗਏ, ਹੁਣ ਡਾਨਸਰਾਂ ਦੀ ਵਾਰੀ ਆ ਗਈ ਹੈ। ਕੱਚੀਆਂ ਧੂੜਾਂ ਭਰੀਆਂ ਸੜਕਾਂ ਦੀ ਥਾਂ ਪੱਕੀਆਂ ਸੜਕਾਂ ਆ ਗਈਆਂ ਹਨ। ਦੀਵਿਆਂ ਅਤੇ ਲੈਂਪਾਂ ਦੀ ਥਾਂ ਬਿਜਲੀ ਨੇ ਲੈ ਲਈ ਹੈ। ਕਦੇ ਲੋਕ ਪੈਦਲ ਤੁਰ ਕੇ ਸਫ਼ਰ ਕਰਦੇ ਸਨ। ਫਿਰ ਰੇਲ ਗੱਡੀਆਂ ਆਈਆਂ, ਸਾਈਕਲ ਆਏ, ਬੱਸਾਂ ਆਈਆਂ, ਕਾਰਾਂ ਆਈਆਂ, ਮੋਟਰ-ਸਾਈਕਲ ਆਏ, ਅਤੇ ਸਕੂਟਰ ਆਏ। ਸਫ਼ਰ ਕਰਨ ਦਾ ਸਭਿਆਚਾਰ ਹਮੇਸ਼ਾ ਲਈ ਬਦਲ ਗਿਆ। ਪੰਜਾਬ ਦੇ ਪਿੰਡਾਂ ਦੇ ਸਭਿਆਚਾਰ ਵਿੱਚ ਸਰ੍ਹੋਂ ਦਾ ਸਾਗ, ਲੱਸੀ, ਘਰ ਦੀ ਕੱਢੀ ਸ਼ਰਾਬ ਤੋਂ ਲੈ ਕੇ ਖੀਰ, ਪੂੜੇ, ਦੇਸੀ ਘਿਓ ਦੀਆਂ ਮਠਿਆਈਆਂ, ਜਲੇਬੀਆਂ, ਖੋਏ ਦੇ ਪੇੜੇ, ਪਿੰਨੀਆਂ ਆਦਿ ਪੰਜਾਬੀ ਸਭਿਆਚਾਰ ਦਾ ਹਿੱਸਾ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਹਾਲੇ ਵੀ ਹਨ। ਜ਼ਨਾਨੀਆਂ ਨੂੰ ਘਰਾਂ ਵਿੱਚ ਛੱਡ ਕੇ ਆਦਮੀਆਂ ਦਾ ਦੋਸਤਾਂ ਦੀਆਂ ਢਾਣੀਆਂ ਵਿੱਚ ਬੈਠ ਕੇ ਸ਼ਰਾਬਾਂ ਪੀਣੀਆਂ, ਖੱਲੀਆਂ ਉਡਾਉਣੀਆਂ, ਬੱਕਰੇ ਬੁਲਾਉਣੇ ਆਦਿ ਪੰਜਾਬੀ ਸਭਿਆਚਾਰ ਦੀ ਖਾਸ ਵਿਸ਼ੇਸ਼ਤਾਈ ਰਹੀ ਹੈ ਜੋ ਹੌਲੀ ਹੌਲੀ ਵਿਦਿਆ ਦੇ ਫੈਲਾਅ ਨਾਲ ਘਟ ਰਹੀ ਹੈ। ਪਿੰਡਾਂ ਵਿੱਚ ਹਰ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ, ਪੜ੍ਹਾਈ ਅਤੇ ਕੰਮ ਤੋਂ ਕੰਨ ਕਤਰਾਉਣੇ, ਵੱਡੀਆਂ ਵੱਡੀਆਂ ਕੋਠੀਆਂ ਪਾ ਕੇ ਉੱਪਰ ਜਹਾਜ਼ ਜਾਂ ਹੋਰ ਖਿਡੌਣੇ ਬਣਾਉਣੇ, ਦਿਖਾਵਾ ਕਰਨ ਵਿੱਚ ਪੈਰ ਰੱਖਣਾ, ਰਿਸ਼ਵਤਾਂ, ਸਿਫਾਰਸ਼ਾਂ, ਕਾਰਾਂ, ਮੋਬਾਈਲ ਫੋਨ, ਟੀ.ਵੀ., ਆਦਿ ਪੰਜਾਬ ਦੇ ਨਵੇਂ ਸਭਿਆਚਾਰ ਦੇ ਕੁਝ ਗੁਣ-ਔਗਣ ਬਣ ਗਏ ਹਨ। ਜ਼ਨਾਨੀਆਂ ਨੂੰ ਘਰਾਂ ਵਿੱਚ ਕੈਦ ਕਰ ਕੇ ਆਦਮੀਆਂ ਨੇ ਮੌਜ ਮੇਲੇ ਕਰਨੇ ਪੰਜਾਬੀ ਸਭਿਆਚਾਰ ਦਾ ਬਹੁਤ ਵੱਡਾ ਔਗਣ ਸੀ ਅਤੇ ਹਾਲੇ ਵੀ ਹੈ। ਨਵੀਂ ਪੀੜੀ ਨਾਲ ਇਹ ਕਾਫੀ ਬਦਲ ਰਿਹਾ ਹੈ। ਹਾਲੇ ਵੀ ਤੁਸੀਂ ਪੰਜਾਬੀ ਮੇਲਿਆਂ ਅਤੇ ਹੋਰ ਅਜਿਹੇ ਸਮਾਗਮਾਂ ਤੇ ਸਿਰਫ਼ ਆਦਮੀ ਹੀ ਦੇਖੋਗੇ, ਔਰਤਾਂ ਬਹੁਤ ਹੀ ਘੱਟ ਹੋਣਗੀਆਂ। ਇੱਥੋਂ ਤੱਕ ਕਿ ਬਾਹਰਲੇ ਮੁਲਕਾਂ ਵਿੱਚ ਆ ਕੇ ਵੀ ਬਹੁਤੇ ਪੰਜਾਬੀ ਇਵੇਂ ਹੀ ਕਰਦੇ ਹਨ। ਪੰਜਾਬ ਦੀ ਰਾਜਨੀਤੀ ਦਾ ਆਪਣਾ ਸਭਿਆਚਾਰ ਰਿਹਾ ਹੈ। ਮੈਂ ਇਸ ਬਾਰੇ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਸ ਦੀ ਜਾਣਕਾਰੀ ਤਾਂ ਸਭ ਨੂੰ ਹੀ ਹੈ। ਜਿਵੇਂ ਜਿਸਦੇ ਹੱਥ ਵੀ ਤਾਕਤ ਆ ਜਾਂਦੀ ਹੈ, ਉਸਦੀ ਕੋਸ਼ਿਸ਼ ਇਹੋ ਹੁੰਦੀ ਹੈ ਕਿ ਆਪਣੇ ਵਿਰੋਧੀਆਂ ਦਾ ਹਮੇਸ਼ਾ ਲਈ ਪੱਤਾ ਕੱਟ ਦਿੱਤਾ ਜਾਵੇ, ਪੰਜਾਬ ਦੀ ਅਤੇ ਪੰਜਾਬ ਦੇ ਲੋਕਾਂ ਦੀ ਤਰੱਕੀ ਪਵੇ ਖੂਹ ਵਿੱਚ। ਕਈ ਲੋਕ ਤਾਂ ਰਾਜਨੀਤੀ ਵਿੱਚ ਆਉਂਦੇ ਹੀ ਪੈਸਾ ਕਮਾਉਣ ਹਨ, ਲੋਕਾਂ ਦੀ ਸੇਵਾ ਲਈ ਨਹੀਂ।

 

            ਪਰਿਵਾਰਾਂ ਦੇ ਆਪਣੇ ਸਭਿਆਚਾਰ ਹੁੰਦੇ ਹਨ। ਕੋਈ ਪਰਿਵਾਰ ਪੁਰਾਣੇ ਖਿਆਲਾਂ ਦਾ ਹੁੰਦਾ ਹੈ, ਕੋਈ ਨਵੇਂ ਖਿਆਲਾਂ ਵਿੱਚ ਵਿਸ਼ਵਾਸ ਰੱਖਣ ਵਾਲਾ। ਕੋਈ ਪਰਿਵਾਰ ਧਰਮ, ਰਾਜਨੀਤੀ, ਅਤੇ ਸਮਾਜਿਕ ਪੱਖੋਂ ਬਹੁਤ ਹੀ ਕੱਟੜ ਖਿਆਲਾਂ ਦਾ ਹੁੰਦਾ ਹੈ ਅਤੇ ਕੋਈ ਪਰਿਵਾਰ ਬਹੁਤ ਹੀ ਖੁੱਲੇ ਵਿਚਾਰਾਂ ਵਾਲਾ ਹੁੰਦਾ ਹੈ। ਕੋਈ ਪਰਿਵਾਰ ਦੂਸਰਿਆਂ ਦਾ ਭਲਾ ਸੋਚਣ ਵਾਲਾ ਅਤੇ ਭਲਾ ਕਰਨ ਵਾਲਾ ਹੁੰਦਾ ਹੈ, ਅਤੇ ਕੋਈ ਪਰਿਵਾਰ ਸਿਰਫ਼ ਆਪਣਾ ਹੀ ਸੋਚਣ ਵਾਲਾ ਹੁੰਦਾ ਹੈ। ਕੋਈ ਪਰਿਵਾਰ ਨਸ਼ਿਆਂ ਵਿੱਚ ਘਿਰਿਆ ਹੁੰਦਾ ਹੈ ਅਤੇ ਕੋਈ ਚੰਗੀਆਂ ਆਦਤਾਂ ਦਾ ਹਾਮੀ ਹੁੰਦਾ ਹੈ। ਕੋਈ ਪਰਿਵਾਰ ਹਮੇਸ਼ਾ ਲੜਾਈ ਝਗੜੇ ਵਿੱਚ ਹੀ ਪਿਆ ਰਹਿੰਦਾ ਹੈ ਅਤੇ ਕੋਈ ਪਰਿਵਾਰ ਸ਼ਾਂਤੀ ਦਾ ਪੁੰਜ ਹੁੰਦਾ ਹੈ। ਕੋਈ ਪਰਿਵਾਰ ਸੱਚ ਬੋਲਣ ਅਤੇ ਈਮਾਨਦਾਰੀ ਨਾਲ ਪੇਸ਼ ਆਉਣ ਲਈ ਮਸ਼ਹੂਰ ਹੁੰਦਾ ਹੈ, ਅਤੇ ਕੋਈ ਪਰਿਵਾਰ ਹਮੇਸ਼ਾ ਝੂਠ ਅਤੇ ਬੇਈਮਾਨ ਦੇ ਅਧਾਰ ਤੇ ਹੀ ਜ਼ਿੰਦਗੀ ਬਿਤਾਉਣ ਲਈ ਜਾਣਿਆ ਜਾਂਦਾ ਹੈ। ਮੁੱਕਦੀ ਗੱਲ ਕਿ ਹਰ ਪਰਿਵਾਰ ਦੇ ਆਪਣੇ ਹੀ ਵੱਖਰੇ ਗੁਣ-ਔਗਣ ਹੁੰਦੇ ਹਨ ਅਤੇ ਹਰ ਪਰਿਵਾਰ ਇਨ੍ਹਾਂ ਗੁਣਾਂ-ਔਗਣਾਂ ਨਾਲ ਹੀ ਜਾਣਿਆ ਜਾਂਦਾ ਹੈ। ਇਹੋ ਗੁਣ-ਔਗਣ ਇਸ ਪਰਿਵਾਰ ਦਾ ਸਭਿਆਚਾਰ ਹੁੰਦੇ ਹਨ।

 

            ਹਰ ਕੰਪਨੀ, ਹਰ ਸੰਸਥਾ, ਹਰ ਕਾਲਜ ਜਾਂ ਯੂਨੀਵਰਸਿਟੀ ਆਦਿ ਦਾ ਵੀ ਆਪਣਾ ਵੱਖਰਾ ਸਭਿਆਚਾਰ ਹੁੰਦਾ ਹੈ। ਜਿਵੇਂ ਕਿ ਕੋਈ ਕੰਪਨੀ ਮਜ਼ਦੂਰਾ ਦੇ ਹੱਕ-ਪੱਖ ਦੀ ਸਮਝੀ ਜਾਂਦੀ ਹੈ ਅਤੇ ਕੋਈ ਕੰਪਨੀ ਮਜ਼ਦੂਰ ਵਿਰੋਧੀ ਜਾਣੀ ਜਾਂਦੀ ਹੈ। ਕਿਸੇ ਕੰਪਨੀ ਦਾ ਮੰਤਵ ਸਿਰਫ਼ ਪੈਸਾ ਅਤੇ ਨਫ਼ਾ ਹੀ ਹੁੰਦਾ ਹੈ ਅਤੇ ਕਿਸੇ ਕੰਪਨੀ ਦਾ ਮੰਤਵ ਲੋਕਾਂ ਦੀ ਭਲਾਈ ਵੀ ਹੁੰਦਾ ਹੈ। ਕਿਸੇ ਕੰਪਨੀ, ਸੰਸਥਾ, ਕਾਲਜ, ਯੂਨੀਵਰਸਿਟੀ ਆਦਿ ਦਾ ਸਭਿਆਚਾਰ ਆਮ ਤੌਰ ਤੇ ਇਸਦੇ ਮੁਖੀ ਦੇ ਬਦਲਨ ਨਾਲ ਕੁਝ ਨਾ ਕੁਝ ਬਦਲ ਜਾਂਦਾ ਹੈ। ਹਰ ਮੁਖੀ ਆਪਣੇ ਸਿਧਾਂਤ, ਆਪਣੇ ਅਸੂਲ, ਆਪਣੇ ਰੀਤੀ-ਰਿਵਾਜ, ਆਪਣੀਆਂ ਕਦਰਾਂ-ਕੀਮਤਾਂ, ਆਪਣਾ ਸੁਭਾਅ, ਆਪਣੇ ਤੌਰ ਤਰੀਕੇ ਆਦਿ ਵਰਤ ਕੇ ਇਕ ਨਵਾਂ ਸਭਿਆਚਾਰ ਪੈਦਾ ਕਰ ਦਿੰਦਾ ਹੈ। ਕਈ ਮੁਖੀ ਠੋਸ ਕੰਮ ਕਰਨ ਦਾ ਸਭਿਆਚਾਰ ਪੈਦਾ ਕਰ ਦਿੰਦੇ ਹਨ, ਅਤੇ ਕਈ ਮੁਖੀ ਸਿਰਫ਼ ਮੌਕਾ ਟਪਾਉਣ, ਆਪਣਾ ਮਤਲਬ ਕੱਢਣ, ਅਤੇ ਮੌਜ ਮੇਲਾ ਕਰਨ ਵਾਲਾ ਵਾਤਾਵਰਣ ਪੈਦਾ ਕਰ ਕੇ ਬਿਲਕੁਲ ਵੱਖਰਾ ਹੀ ਸਭਿਆਚਾਰ ਸਥਾਪਤ ਕਰ ਦਿੰਦੇ ਹਨ।