| |
ਮੇਰੀ ਹੋਂਦ, ਤੇਰਾ ਵਜੂਦ
ਮੇਰੀ ''ਹੋਂਦ" ਤੇ ਤੇਰੇ ''ਵਜੂਦ" ਵਿੱਚ
ਇਕ ਦੂਰੀ ਜਿਹੀ ਸੀ
ਜੋ ਅੱਜ ਮੁੱਕ ਗਈ ਏ
ਹੁਣ ਮਨ ਦੇ ਹਨੇਰੇ ਵਿੱਚ
ਉਹ ਨੂਰੀ ''ਜੋਤ"
ਜਜ਼ਬਾਤ, ਭਾਵਨਾਵਾਂ
ਤੇਰੇ ਦੁੱਖ, ਮੇਰੇ ਦੁੱਖ
ਹਾਸੇ, ਹਉਕੇ
ਸੱਧਰਾਂ ਤੇ ਚਾਅ
ਸਾਂਝੇ ਜਿਹੇ ਜਾਪਦੇ ਨੇ....
ਤੇਰਾ ਮਿਲਣਾ
ਇਕ ਇਤਫ਼ਾਕ ਤਾਂ ਨਹੀਂ ਹੋ ਸਕਦਾ
ਕਿਉਂਕਿ
ਦਿਲ ਵਿੱਚ ਘਰ ਕਰ ਜਾਣ ਵਾਲੀ
ਤੇਰੀ ਅਦਾ
ਜਾਣੀ ਪਹਿਚਾਣੀ ਜਿਹੀ ਲਗਦੀ ਏ
ਮੇਰੀ ਹੋਂਦ
ਤੇਰੇ ਵਜੂਦ ਦਾ
ਹਿੱਸਾ ਬਣ ਗਈ ਏ
ਸ਼ਾਇਦ....
ਸਾਨੂੰ ਦੋਹਾਂ ਨੂੰ
ਇਸ ਮੌਕੇ ਦੀ ਤਲਾਸ਼ ਸੀ....
ਜਦੋਂ ਦਿਲ ਦਾ ਦਰਦ
ਇਕ ਨਾਸੂਰ ਬਣ ਕੇ ਰਿਸਦਾ ਏ
ਤਾਂ....
ਕਿਸੇ ਆਪਣੇ ਦਾ ਇੰਤਜ਼ਾਰ ਹੁੰਦਾ ਹੈ
ਜਿਹੜਾ ਇਨ੍ਹਾਂ ਜ਼ਖਮਾਂ ਤੇ
ਮਰਹਮ ਲਾ ਸਕੇ....
ਕੀ ਤੇਰੇ ਮੇਰੇ ਵਿਚਲੀ ਸਾਂਝ ਦਾ ਕਾਰਨ
ਇਹ ਦਰਦ ਏ???
ਕੁਝ ਬੋਲ ਨੇ??
ਜਾਂ ਫਿਰ ਉਹ ਅਹਿਸਾਸ ਏ
ਜਿਸਨੂੰ....
ਪਿਆਰ ਕਹਿੰਦੇ ਨੇ....??? |