ਲੋਕ ਨਾਥ

    

 
            
       ਕੁਝ ਨਹੀਂ ਬਦਲਿਆ

ਕੁਝ ਨਹੀਂ ਬਦਲਿਆ
ਸਿਰਫ਼ ਉਦਾਸ ਪਲਾਂ ਦੇ ਨਾਂਅ ਬਦਲ ਗਏ ਨੇ
ਹੁਣ ਤਾਂ
ਭਾਸ਼ਣ ਕਰਨਾ ਮੇਰਾ ਸ਼ੁਗਲ ਬਣ ਗਿਆ ਏ
ਕਿਸੇ ਮਹਿਫ਼ਲ 'ਚ ਤਾੜੀ ਵਜਾ ਕੇ ਹੱਸਣਾ
ਜਾਂ ਕਿਸੇ ਜਲਸੇ ਵਿਚ ਨਾਅਰੇ ਲਗਾਉਣਾ
ਨਹੀਂ ਨਹੀਂ
ਮੈਂ ਨਾਇਕ ਨਹੀਂ
ਮੈਨੂੰ ਤਾਂ ਆਪਣੇ ਵਿਰਸੇ 'ਚੋਂ ਮਿਲਿਆ ਏ
ਆਪਣੇ ਅੰਗਾਂ 'ਚੋਂ ਰਿਸਦੇ ਦਰਦ ਨੂੰ ਪੀਣਾ
ਤੇ ਘੁੱਪ ਹਨੇਰੇ ਵਿਚ ਵੀ ਚਾਨਣ ਕਲਪਦੇ ਰਹਿਣਾ
  
ਕੁਝ ਨਹੀਂ ਬਦਲਿਆ
ਕਿਸੇ ਨੇਤਾ ਨੇ ਕਿਹਾ ਹੈ
ਗ਼ਰੀਬੀ ਹਟ ਰਹੀ ਹੈ, ਗ਼ਰੀਬੀ ਹਟੇਗੀ
ਕਿਸੇ ਕਵੀ ਨੇ ਲਿਖਿਆ ਹੈ
ਏਥੇ ਲੋਕ ਲੱਤਾਂ ਦੀ ਥਾਵੇਂ ਬੈਸਾਖੀਆਂ 'ਤੇ ਚਲਦੇ ਨੇ
ਇਕ ਦੋਸਤ ਦਾ ਖ਼ਤ ਆਇਆ ਹੈ
ਮੈਂ ਉਹਦੀ ਮਹਿਬੂਬ ਹੋਣ ਦਾ ਹੋਣ ਵਾਲਾ ਪਤੀ ਹਾਂ
ਮੇਰੀ ਮਾਸ਼ੂਕ ਨੇ ਦੱਸਿਆ ਹੈ
ਕਿ ਹੁਣ ਉਹਦਾ ਤੇ ਮੇਰਾ ਮਿਲਣ
ਇਕ ਪ੍ਰਸ਼ਨ ਬਣ ਕੇ ਰਹਿ ਗਿਆ ਹੈ
           
ਕੁਝ ਨਹੀਂ ਬਦਲਿਆ
ਬਰਸਾਤ ਦੀ ਰੁੱਤੇ ਵੀ ਦਰਿਆ ਸੁੱਕੇ ਨੇ
ਪਤਾ ਨਹੀਂ ਕਿਸ ਕਰ ਦਿੱਤਾ ਏ
ਨੇਤਾ ਦੀ ਮੌਤ ਦਾ ਐਲਾਨ
ਦਿਨ ਤਾਂ ਸਰਘੀ ਵੇਲੇ ਵੀ ਹੀ ਮਰ ਗਿਆ ਸੀ
ਬਹੁਤ ਬਿਹਤਰ ਹੈ
ਆਪਾਂ ਆਪੋ-ਆਪਣੇ ਕੰਮਾਂ ਦੇ ਵਿਚ ਰੁੱਝ ਜਾਈਏ...