ਜਯੋਤੀ ਬਾਵਾ
                         

ਦੋ ਕਵਿਤਾਵਾਂ

             

 

       

                    

  

              
 

    ਚੂੜੀਆਂ

   

ਸ਼ਿੰਗਾਰ ਡੱਬੇ ਚੋਂ ਕੱਢ,

ਸਾਂਭ-ਸਾਂਭ ਰੱਖੀਆਂ

ਰੰਗ ਬਿਰੰਗੀਆਂ,

ਵਰ੍ਹਿਆਂ ਬਾਦ

ਕਲਾਈਆਂ ਤੇ ਸਜਾਈਆਂ,

 

ਲਾਲ ਬਿੰਦੀ ਲਾ ਕੇ ਮੱਥੇ ਤੇ

ਜਦ ਸ਼ੀਸ਼ੇ ਚੋਂ ਤੱਕਿਆ

ਅਪਣਾ ਰੂਪ

ਉਹਸ਼ਰਮਾ ਗਈ

 

ਇੰਤਜ਼ਾਰ ਨਾਲ ਭਰੀ ਨੇ

ਨਜ਼ਰ ਭਰ ਤੱਕਿਆ

ਦਹਿਲੀਜ਼ ਤੇ ਟੰਗੀਆਂ

ਰੰਗ ਬਿਰੰਗੀਆਂ ਲੜੀਆਂ ਨੂੰ

ਜੋ ਉਸਦੇ ਨਾਲ ਨਾਲ ਉਡੀਕ ਰਹੀਆਂ ਸਨ

ਜੰਗ ਜਿੱਤ ਕੇ ਪਰਤੇ

ਉਸਦੇ ਢੋਲ ਸਿਪਾਹੀ ਨੂੰ

 

ਮੁੱਕੀਆਂ ਉਡੀਕਾਂ,

ਆਇਆ ਸੱਜਣ

ਬਹਾਦਰੀ ਦੇ ਤਗਮੇ ਹਿੱਕ ਤੇ ਸਜਾਈ,

ਭੀੜ 'ਚ ਘਿਰੇ ਨੂੰ

ਨੀਝ ਨਾਲ ਦੂਰੋਂ ਤੱਕਦੀ ਰਹੀ

ਭੀੜ ਚੋਂ ਲੰਘਦਾ

ਉਹ ਵੀ ਦੂਰੋਂ ਤੱਕਦਾ ਰਿਹਾ,

ਮੁਸਕਰਾਉਦਾਂ ਰਿਹਾ

 

ਦੋਵੇਂ ਉਡੀਕਦੇ ਰਹੇ

ਰਾਤ

ਮੁਕਲਾਵੇ ਵਰਗੀ ਰਾਤ

 

ਭੀੜ ਮੁੱਕਦੀ ਹੀ ਨਹੀਂ ਸੀ

ਸਿਪਾਹੀ ਦੀ ਗੱਲ ਵੀ ਰੁਕਦੀ ਹੀ ਨਹੀਂ ਸੀ

ਜੰਗ ਦੇ ਕਿੱਸੇ ਸੁਣਾਉਂਦਿਆਂ

ਜ਼ੋਰ ਦੀ ਹੱਸਿਆ

ਕਹਿਣ ਲੱਗਾ

 

ਬਾਰੂਦ ਹੀ ਬਾਰੂਦ ਸੀ

ਗੋਲੀਆਂ ਦੀਆਂ ਅਵਾਜ਼ਾਂ ਸਨ,

ਮੇਰੀ ਬੰਦੂਕ ਸੀ

ਤੇ ਡਿੱਗਦੀਆਂ

ਲਾਸ਼ਾਂ ਹੀ ਲਾਸ਼ਾਂ ਸਨ

ਹਾਏ!

ਲਹੂ ਲੁਹਾਨ ਮੁਰਦਿਆਂ ਤੋਂ

ਸ਼ਾਨ ਨਾਲ ਲੰਘਣ ਦਾ ਨਜ਼ਾਰਾ

ਨਹੀਂ ਭੁੱਲਦਾ

ਬੰਕਰਾਂ 'ਚੋਂ ਕੱਢ ਕੱਢ

ਦੁਸ਼ਮਣ ਦਾ ਇਕ ਇਕ ਫੌਜੀ ਫੁੰਡਿਆ

ਐਵੇਂ ਨਹੀਂ ਮਿਲਿਆ

ਬਹਾਦਰੀ ਦਾ ਤਗਮਾ

 

ਗੱਲ ਤੁਰਦੀ ਰਹੀ

ਪਰ ਉਹ ਹੋਰ ਨਾ ਸੁਣ ਸਕੀ

ਭੀੜ ਮੁੱਕ ਗਈ

ਰਾਤ ਆ ਗਈ

 

ਫੌਜੀ ਨੇ ਆਣ ਹਿੱਕ ਨਾਲ ਲਾਇਆ

ਪਰ ਇਹ ਕੀ

ਉਸ ਨੂੰ ਰਤਾ ਨਿੱਘ ਨਾ ਆਇਆ

ਉਸਨੂੰ ਲੱਗਾ ਜਿਵੇਂ

ਲਹੂ ਦੀ ਬੋ ਉਸਦੇ ਅੰਦਰ ਲੱਥ ਗਈ ਹੋਵੇ

ਗੋਲੀਆਂ ਦੀ ਆਵਾਜ਼ ਨਾਲ ਉਹ ਭਰ ਗਈ ਹੋਵੇ

 

ਲਾਸ਼ਾਂ ਤੇ ਤੁਰਦੇ

ਮਾਣ ਨਾਲ ਭਰੇ

ਸੱਜਣ ਦੀ ਹਿੱਕ ਤੇ ਲੱਗੀ

ਉਸਬਾਹਾਂ ਉਲਾਰੀਆਂ

ਨਜ਼ਰ ਭਰ ਤੱਕੀਆਂ

ਵੀਣੀਆਂ ਤੇ ਛਣਕਦੀਆਂ

ਰੰਗ ਬਿਰੰਗੀਆਂ

 

ਸੋਚਣ ਲੱਗੀ

 

ਸ਼ਿੰਗਾਰ ਡੱਬਿਆਂ ਚੋਂ

ਨਿਕਲੀਆਂ

ਕਈ ਚੂੜੀਆਂ

ਟੁੱਟ ਕੇ

ਕਲਾਈਆਂ 'ਚ ਹੀ ਚੁਭ ਗਈਆਂ ਹੋਣਗੀਆਂ

ਚੁਭ ਗਈਆਂ ਹੋਣਗੀਆਂ

            

         

   

       

                    

  

 

                      

 

              
 

    ਟੁਕੜੇ-ਟੁਕੜੇ ਸੱਚ

           

ਮਸਤਕ ਤੇ ਉੱਕਰੇ ਹੋਏ ਚਿੰਨ੍ਹ…

ਉਮਰ ਦੇ ਸੱਚ ਨੂੰ,

ਤਨ ਦੀ ਮੋਹਰ ਬਣਾਉਣ ਦੇ ਚਾਹਵਾਨ ਹਨ

 

ਪਰ…

 

ਸੋਚ ਦਾ ਜ਼ਾਵੀਆ

ਬਦਲਣ ਦੀ ਪੁਕਾਰ 'ਚ ਹੈ…

 

ਦੂਰ ਦੁਰਾਡਿਉਂ ਆਉਂਦੀ

ਅਦ੍ਰਿਸ਼ ਪੈੜਾਂ ਦੀ ਅਵਾਜ਼

ਮਨ ਦੀਆਂ ਗਲੀਆਂ 'ਚ

ਧੜਕਦੀਆਂ ਧੜਕਣਾਂ ਨੂੰ ਬੇਚੈਨ ਕਰਦੀ…

 

ਨਵੇਂ ਸੰਦੇਸ਼ਾਂ ਨਾਲ ਨੱਚਦੀ ਹਵਾ

ਬੰਦ ਬੂਹਿਆਂ ਦੇ ਕੁੰਡੇ ਖੜਕਾਉਂਦੀ

 

ਪਰ…

 

ਉਹ…

ਅਜੇ ਵੀ

ਯਾਦਾਂ ਦੀਆਂ ਗਲੀਆਂ ਭਟਕਦੀ

ਨਵੇਂ ਸੰਦੇਸ਼ਾਂ ਦੀ ਸਰਸਰਾਹਟ ਤਾਂ ਸੁਣਦੀ

ਪਰ…

ਕੁੰਡੀ ਨਾ ਖੁਲ੍ਹਦੀ

 

ਫੇਰ…

ਉਲਝ ਬਹਿੰਦੀ

ਸ਼ਿਕਾਇਤਾਂ ਨਾਲ…ਰਵਾਇਤਾਂ ਨਾਲ…।

 

ਬੰਦ ਬੂਹੇ ਤੇ ਪਿੱਠ ਲਾ ਬਹਿੰਦੀ

ਯਾਦ ਕਰਦੀ…ਸ਼ਿਕਾਇਤਾਂ!

ਆਪਣੇ ਹੀ ਸੁਪਨਿਆਂ ਨਾਲ…

 

ਜਿਨ੍ਹਾਂ ਸੰਗ ਉਹ ਪੈਲਾਂ ਤਾਂ ਪਾਉਂਦੀ ਰਹੀ

ਪਰ…ਉਮਰ ਦਾ ਹਿਸਾਬ ਨਾ ਰੱਖ ਸਕੀ…

 

ਬਚਪਨ ਦੀ ਪੀਂਘ

ਜਿਸ ਤੇ ਬੈਠ

ਮੌਜ-ਮਸਤੀ ਦੇ ਝੂਟੇ ਨਾ ਝੂਟ ਸਕੀ

 

ਜਵਾਨੀ ਦੀ ਡੋਲੀ

ਜੋ…ਮੁਹੱਬਤ ਦੀ ਜ਼ਮੀਨ ਤੇ ਨਾ ਉਤਾਰ ਸਕੀ

 

ਤੇ…ਰਵਾਇਤਾਂ…

 

ਜਿਨ੍ਹਾਂ ਦੀਆਂ ਤੰਦਾਂ ਸਨ…ਏਨੀਆਂ ਸੌੜੀਆਂ

ਕਿ ਉਹਦੀਆਂ ਸੱਧਰਾਂ

ਚੜ੍ਹ ਨਾ ਸਕੀਆਂ ਪੌੜੀਆਂ

 

ਰਵਾਇਤਾਂ -ਸ਼ਕਾਇਤਾਂ ਦੀ ਵਲਗਣ 'ਚੋਂ ਨਿਕਲ

ਜਦ ਵੀ ਵੇਖਦੀ ਸ਼ੀਸ਼ੇ 'ਚੋਂ…

 

ਨਜ਼ਰ ਆਉਂਦਾ…

ਉਮਰ ਦਾ ਸੱਚ…

 

ਫੇਰ…

ਲੜਿਆ ਨਾ ਜਾਂਦਾ…

ਹੋਰ…

ਝੁਰੜੀਆਂ ਭਰੇ ਚਿਹਰੇ ਨਾਲ…

ਮਹਿੰਦੀ ਰੰਗੇ ਵਾਲਾਂ ਨਾਲ…

 

ਤੇ ਅਖੀਰ…।

ਉਹ ਮੂੰਹ ਫੇਰ ਲੈਂਦੀ

ਸ਼ੀਸ਼ੇ ਤੋਂ…

 

ਉਮਰ ਦੇ ਸੱਚ ਦਾ

ਭਾਵੇਂ ਉਸ ਕੋਲ ਕੋਈ ਜਵਾਬ ਨਹੀਂ

ਪਰ ਮਨ ਦੇ ਕਿਸੇ ਕੋਨੇ 'ਚ

ਉਮਰ ਦੇ ਅਖੀਰ ਤੱਕ

ਪਏ ਹੀ ਰਹਿਣਗੇ…

ਟੁੱਟੇ ਹੋਏ ਸੁਪਨੇ…

ਦਿਲ 'ਚ…

ਚੁਭਦਾ ਹੀ ਰਹੇਗਾ…

ਟੁਕੜੇ-ਟੁਕੜੇ ਕੱਚ…

ਟੁਕੜੇ-ਟੁਕੜੇ ਕੱਚ…