ਸਾਡਾ ਪੰਜਾਬੀ ਵਿਰਸਾ!

             

   

       

                  

ਇਸ ਪੰਨੇ ਤੇ ਛਪੇ ਲੇਖਕ:

ਗੁਰਦੇਵ ਸਿੰਘ ਘਣਗਸ, ਪ੍ਰੇਮ ਮਾਨ, ਬਰਜਿੰਦਰ ਕੌਰ ਢਿੱਲੋਂ, ਮਹਿੰਦਰ ਭਟਨਾਗਰ

          

 

  

       

                  
 

ਸੰਪਾਦਕੀ ਨੋਟ:

ਪੰਜਾਬੀ ਬਲਾਗ ਨੂੰ ਸ਼ੁਰੂ ਕੀਤਿਆਂ ਇਕ ਸਾਲ ਹੋ ਗਿਆ ਹੈ। ਇਸ ਵਾਰੀ ਦਾ ਲੇਖ ਤੇਰ੍ਹਵਾਂ ਲੇਖ ਹੈ। ਇਸ ਇਕ ਸਾਲ ਵਿੱਚ ਪੰਜਾਬੀ ਵਿਦਵਾਨਾਂ, ਲੇਖਕਾਂ, ਅਤੇ ਪਾਠਕਾਂ ਤੋਂ ਆਸ ਤੋਂ ਕਈ ਗੁਣਾਂ ਵੱਧ ਸਹਿਯੋਗ ਮਿਲਿਆ ਹੈ। ਇਸ ਸਹਿਯੋਗ ਲਈ ਮੈਂ ਸਭ ਸਾਥੀਆਂ ਦਾ ਦਿਲੋਂ ਧੰਨਵਾਦੀ ਹੀ ਨਹੀਂ ਸਗੋਂ ਰਿਣੀ ਵੀ ਹਾਂ। ਇਸ ਇਕ ਸਾਲ ਵਿੱਚ ਕਈ ਮੁਲਕਾਂ ਵਿੱਚ ਵਸਦੇ ਪੰਜਾਬੀ ਜ਼ੁਬਾਨ ਦੇ ਸਮਰੱਥੀਆਂ, ਵਿਦਵਾਨਾਂ, ਲੇਖਕਾਂ, ਅਤੇ ਪਾਠਕਾਂ ਨਾਲ ਜੋ ਸੰਪਰਕ ਪੈਦਾ ਹੋਇਆ ਹੈ ਉਸਨੂੰ ਮੈਂ ਕਿਸੇ ਵੀ ਕੀਮਤ ਤੇ ਬਦਲਣਾ ਨਹੀਂ ਚਾਹਾਂਗਾ। ਬਹੁਤ ਸਾਰੀਆਂ ਨਵੀਆਂ ਦੋਸਤੀਆਂ ਨੇ ਜਨਮ ਲਿਆ ਹੈ। ਮੈਂ ਇਨ੍ਹਾਂ ਸਹਿਯੋਗੀਆਂ ਦੇ ਲੇਖਾਂ, ਖ਼ਤਾਂ, ਅਤੇ ਈ ਮੇਲਾਂ ਤੋਂ ਬਹੁਤ ਕੁਝ ਸਿੱਖਿਆ ਹੈ। ਆਸ ਕਰਦਾ ਹਾਂ ਕਿ ਇਹ ਸਹਿਯੋਗ ਹਮੇਸ਼ਾ ਹੀ ਮੇਰੇ ਅੰਗ ਸੰਗ ਰਹੇਗਾ।

           

             ਇਸ ਵਾਰੀ ਦਾ ਲੇਖ ''ਸਾਡਾ ਪੰਜਾਬੀ ਵਿਰਸਾ'' ਵਿਸ਼ੇ ਤੇ ਹੈ। ਇਸ ਵਿਸ਼ੇ ਤੇ ਮੇਰੇ ਸਹਿਯੋਗੀ ਦੋਸਤ ਡਾ. ਗੁਰਦੇਵ ਸਿੰਘ ਘਣਗਸ ਨੇ ਬਹੁਤ ਹੀ ਖ਼ੂਬਸੂਰਤ ਲੇਖ ਲਿਖਿਆ ਹੈ ਜੋ ਮੈਂ ਮੁੱਖ ਲੇਖ (lead essay) ਦੇ ਤੌਰ ਤੇ ਲਾਉਣ ਦੀ ਖੁਸ਼ੀ ਲੈ ਰਿਹਾ ਹਾਂ। ਡਾ[ ਘਣਗਸ ਜੀ ਜੀਵ-ਵਿਗਿਆਨ (Biology) ਅਤੇ ਰਸਾਇਣ-ਵਿਗਿਆਨ (Chemistry) ਦੇ ਵਿਦਿਆਰਥੀ ਰਹੇ ਹਨ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ M.Sc. ਅਤੇ ਅਮਰੀਕਾ ਤੋਂ Ph.D. ਕਰਨ ਤੋਂ ਬਾਦ ਉਹ ਸਾਰੀ ਉਮਰ ਵਿਗਿਆਨਕ ਖੋਜ ਅਤੇ ਪੜ੍ਹਾਈ-ਸਿਖਲਾਈ ਵਿੱਚ ਲੱਗੇ ਰਹੇ। ਅੱਜ ਕੱਲ ਸੇਵਾ ਮੁਕਤ ਹੋ ਕੇ ਉਹ ਅਮਰੀਕਾ ਦੇ ਨਿਊ ਯਾਰਕ ਸੂਬੇ ਵਿੱਚ ਇੱਥਕਾ ਸ਼ਹਿਰ ਵਿੱਚ ਰਹਿੰਦੇ ਹਨ। ਹੁਣ ਤੱਕ ਉਨ੍ਹਾਂ ਦੇ ਤਿੰਨ ਕਵਿਤਾ ਸੰਗ੍ਰਹਿ ਵੀ ਛਪ ਚੁੱਕੇ ਹਨ: ਸੱਠਾਂ ਤੋਂ ਬਾਦ (2005), ਤੁਰਦੇ ਭੁਰਦੇ ਜੁੜਦੇ ਰਿਸ਼ਤੇ (2006), ਅਤੇ ਕੁਝ ਆਰ ਦੀਆਂ ਕੁਝ ਪਾਰ ਦੀਆਂ (2008)। ਉਨ੍ਹਾਂ ਦੇ ਲੇਖਾਂ ਵਿੱਚੋਂ ਵਿਗਿਆਨਕ ਪੱਖੀ ਵਿਸ਼ਲੇਸ਼ਣ ਦੀ ਝਲਕ ਦੇਖੀ ਜਾ ਸਕਦੀ ਹੈ। ਮੈਂ ਡਾ. ਘਣਗਸ ਜੀ ਦਾ ਇਸ ਲੇਖ ਲਈ ਬਹੁਤ ਧੰਨਵਾਦੀ ਹਾਂ। ਉਮੀਦ ਹੈ ਪਾਠਕ ਵੀ ਇਸ ਲੇਖ ਦਾ ਉਤਨਾ ਹੀ ਆਨੰਦ ਮਾਣਨਗੇ ਜਿਤਨਾ ਮੈਂ ਮਾਣਿਆ ਹੈ। ਡਾ. ਘਣਗਸ ਜੀ ਦਾ ਈ ਮੇਲ ਐਡਰੈਸ gsg123@hotmail.com ਹੈ।

                

 

  

                               

       

                    

  

   
   ਜੂਨ 1, 2008      
          
 

ਸਾਡਾ ਪੰਜਾਬੀ ਵਿਰਸਾ!

(ਬੁੱਲਿਆ ਕੀ ਜਾਣਾ ਮੈਂ ਕੌਣ)

                                                                   -ਗੁਰਦੇਵ ਸਿੰਘ ਘਣਗਸ

 

 

ਵਿਰਸਾ ਕੀ ਬਲਾ ਹੁੰਦੀ ਹੈ, ਸਾਡਾ ਪੰਜਾਬੀ ਵਿਰਸਾ ਕੀ ਹੈ ਤੇ ਇਸਦਾ ਸਮਝਣਾ ਜਰੂਰੀ ਕਿਉਂ ਹੈ? ਅਸੀਂ ਦੂਜੇ ਵਿਰਸੇ ਦੇ ਲੋਕਾਂ ਨਾਲ ਕਿਵੇਂ ਰਹਿਣਾ ਹੈ? ਸਾਡਾ ਪੰਜਾਬੀ ਵਿਰਸਾ ਕਿੱਧਰ ਜਾ ਰਿਹਾ ਹੈ? ਅਸੀਂ ਕੀ ਕਰ ਸਕਦੇ ਹਾਂ, ਕੀ ਕਰਨਾ ਚਾਹੀਦਾ ਹੈ? ਇਹ ਸਾਰਾ ਮਜਮੂਨ ਛੋਟੀ ਉਮਰ ਦਾ ਰੋਗ ਨਹੀਂ, ਤੇ ਵੱਡੀ ਉਮਰ ਵਿਚ ਇਸਦਾ ਪੂਰਾ ਇਲਾਜ ਨਹੀਂ ਹੋ ਸਕਦਾ। ਜੁਆਨੀ ਵੇਲੇ ਇਹ ਤੰਗ ਨਹੀਂ ਕਰਦਾ, ਵਧੀ ਉਮਰ ਵਿਚ ਇਹ ਖਹਿੜਾ ਨਹੀਂ ਛੱਡਦਾ। ਰੱਬਾ ਹੁਣ ਕੀ ਕਰੀਏ?   

           

           ‘ਸਾਡਾ ਪੰਜਾਬੀ ਵਿਰਸਾ’ ਸਿਰਲੇਖ ਦੇ ਮਜਮੂਨ ਨੂੰ ਸਮਝਣ ਲਈ ਸਾਨੂੰ ਇਸ ਦੀ ਤਕਤੀਹ ਕਰਕੇ, ਜਾਂ ਖੰਡ ਕਰਕੇ ਦੱਸਣਾ ਪਵੇਗਾ ਕਿ ‘ਸਾਡਾ’ ਦਾ ਕੀ ਮਤਲਬ ਹੈ, ਅਸੀਂ ਕੌਣ ਹਾਂ; ਵਿਰਸਾ (Heritage) ਕੀ ਹੁੰਦਾ ਹੈ? ਇਸ ਦੀ ਪਰਿਭਾਸ਼ਾ (Definition) ਕੀ ਹੈ, ਤੇ ਸਾਡਾ ਪੰਜਾਬੀ ਵਿਰਸਾ ਕੀ ਹੈ।

           

           ਮਹਾਨ ਕੋਸ਼ ਅਨੁਸਾਰ ਵਿਰਸਾ ‘ਜੱਦੀ ਅਧਿਕਾਰ’ ਹੁੰਦਾ ਹੈ। ਜੋ ਕੁਝ ਸਾਡੇ ਵੱਡੇ, ਵਡੇਰੇ ਪਿੱਛੇ ਛੱਡ ਜਾਂਦੇ ਹਨ, ਉਸਨੂੰ ਸਾਡੇ ‘ਵਿਰਸੇ ਵਿਚ ਮਿਲਿਆ ’ ਕਿਹਾ ਜਾਂਦਾ ਹੈ। ਘਰੋਗੀ ਤੌਰ ਤੇ ਇਸਦਾ ਮਤਲਬ ਜ਼ਮੀਨ-ਜ਼ਾਇਦਾਦ, ਘਰ, ਮੱਝਾਂ, ਬੱਕਰੀਆਂ, ਕੱਟੇ, ਵੱਛੇ, ਟੂਮਾਂ ਵਗੈਰਾ ਹੁੰਦਾ ਹੈ। ਪਰ, ਪੰਜਾਬੀ ਵਿਰਸੇ ਦੀ ਗੱਲ ਸਮਝਣ ਲਈ ਇੱਥੇ ਇਸਨੂੰ ਤਿੰਨ ਭਾਗਾਂ (ਸ਼ਕਲਾਂ, ਨਕਲਾਂ, ਅਕਲਾਂ) ਵਿਚ ਵੰਡ ਲਿਆ ਗਿਆ ਹੈ, ਭਾਵੇਂ ਇਹ ਇੱਕ ਦੂਜੇ ਤੇ ਨਿਰਭਰ ਵੀ ਹਨ ਅਤੇ ਇਕ ਦੂਜੇ ਦਾ ਗੁੰਦੇ ਹੋਏ ਭਾਗ ਹੀ ਹਨ:

           

 1[ ਲਹੂ ਦਾ ਵਿਰਸਾ (ਸ਼ਕਲਾਂ):  ਜਿਸ ਕਰਕੇ ਸਾਡਾ ਮੜੰਗਾ (ਮੁਹਾਂਦਰਾ, ਨੈਣ-ਨਕਸ਼) ਮਾਂ-ਬਾਪ ਨਾਲ ਮੇਲ ਖਾਂਦੇ ਹਨ। ਇਸ ਲੇਖ ਵਿਚ ਇਸ ਵਾਰੇ ਇਤਨਾ ਹੀ ਕਹਿਣਾ ਕਾਫੀ ਹੈ ਕਿ ਪੰਜਾਬ ਦੇ ਲਹੂ ਦਾ ਵਿਰਸਾ ਪੰਜਾਬ ਦੇ ਇਤਿਹਾਸ  ਦੀ ਦੇਣ ਹੈ । ਆਰੀਆ ਸਮਾਜ ਤੋਂ ਪਹਿਲਾਂ ਵੀ ਇਸ ਧਰਤੀ ਤੇ ਇੱਥੋਂ ਦੇ ਆਦੀ ਵਾਸੀ ਰਹਿੰਦੇ ਹੋਣਗੇ। ਆਰੀਆ ਸਮਾਜ ਤੋਂ ਚੱਲਕੇ ਹੁਣ ਤੱਕ ਇੱਥੇ ਵੱਖ ਵੱਖ ਥਾਵਾਂ ਤੋਂ ਹੋਰ ਵੱਖ ਵੱਖ ਨਸਲਾਂ ਵੀ ਆਉਂਦੀਆਂ ਰਹੀਆਂ ਹਨ।  ਬੁਨਿਆਦੀ (genetic) ਤੌਰ ਤੇ ਸਾਰੇ ਕਾਲੇ, ਪੀਲੇ, ਚਿੱਟੇ ਲੋਕ ਤਕਰੀਬਨ ਇੱਕੋ ਜਹੇ ਹੁੰਦੇ ਹਨ, ਇਸ ਪੱਖ ਤੋਂ ਸਾਡਾ ਪੰਜਾਬੀ ਵਿਰਸਾ ਮਨੁੱਖੀ ਵਿਰਸੇ ਨਾਲੋਂ ਬਹੁਤਾ ਅਲੱਗ ਨਹੀਂ ਭਾਵੇਂ ਵੱਖ ਵੱਖ ਦੇਸਾਂ ਵਿਚ ਕੁਝ ਬਾਹਰਲੇ ਫਰਕ ਵੀ ਆਮ ਦੇਖੇ ਜਾਂਦੇ ਹਨ ।

            

2[ ਠੋਸ ਚੀਜਾਂ ਦਾ ਵਿਰਸਾ (ਨਕਲਾਂ): ਪੰਜਾਬ ਦੇ ਪਹਿਲੇ ਲੋਕ ਜਿਸ ਤਰ੍ਹਾਂ ਰਹਿੰਦੇ ਸਨ, ਜਿਸ ਤਰ੍ਹਾਂ ਦੇ ਭਾਂਡੇ, ਸੰਦ ਵਰਤਦੇ ਸਨ। ਇਸਨੂੰ ਵੀ ਵਿਰਸੇ ਦਾ ਹਿੱਸਾ ਕਿਹਾ ਜਾਂਦਾ ਹੈ। ਐਸੀਆਂ ਪੁਰਾਣੀਆਂ ਇਮਾਰਤਾਂ ਜੋ ਸਾਨੂੰ ਇਤਿਹਾਸ ਦਾ ਹਿੱਸਾ ਦਰਸਾਉਂਦੀਆਂ ਹਨ, ਸਾਡਾ ਸਾਂਝਾ ਪੰਜਾਬੀ ਵਿਰਸਾ ਕਹੀਆਂ ਜਾ ਸਕਦੀਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਕੁਝ ਪੁਰਾਣੇ ਸੰਦ, ਭਾਂਡੇ, ਚਰਖੇ, ਭੜੋਲੀਆਂ,ਚੱਕੀਆਂ, ਢੋਲਕੀਆਂ-ਛੈਣੇ ਪਲੰਘ, ਸੰਦੂਕ, ਜੁੱਤੀਆਂ, ਕੰਠੇ, ਸੱਗੀ-ਫੁੱਲ ਗਹਿਣੇ ਇਤ-ਆਦਿ ਨਮੂਨੇ ਸਾਂਭਣ ਦਾ ਪਰਬੰਧ ਵੀ ਕੀਤਾ ਗਿਆ ਹੈ। ਪੁਰਾਣੇ ਗਰੰਥ, ਕਿਤਾਬਾਂ, ਜੀਹਨਾਂ ਦੀ ਲੋਕ ਨਕਲ ਤਾਂ ਕਰ ਸਕਦੇ ਹਨ, ਪਰ ਕਾਨੂਨੀ ਤੌਰ ਤੇ ਅਦਲਾ-ਬਦਲੀ ਨਹੀਂ ਕਰ ਸਕਦੇ, ਵੀ ਪੰਜਾਬ ਦਾ ਵਿਰਸਾ ਹਨ। ਪੁਰਾਣੀਆਂ ਇਤਿਹਾਸਕ ਇਮਾਰਤਾਂ ਸਾਡਾ ਸਾਂਝਾ ਪੰਜਾਬੀ ਵਿਰਸਾ ਹਨ, ਭਾਵੇਂ ਉਹ ਗੁਰੂ ਨਾਨਕ ਦੇ ਵੇਲੇ ਦੀਆਂ ਹਨ ਤੇ ਭਾਵੇਂ ਉਹ ਵਾਰਿਸ, ਬੁੱਲੇ ਅਤੇ ਜਹਾਂਗੀਰ ਦੇ ਵੇਲੇ ਦੀਆਂ ਹਨ।

           

3[ ਗੁਣਾਂ-ਔਗੁਣਾਂ ਦਾ ਵਿਰਸਾ (ਅਕਲਾਂ): ਸਾਡੇ ਪੰਜਾਬੀ ਪੁਰਖੇ ਆਪਸ ਵਿਚ ਕਿਸ ਤਰ੍ਹਾਂ ਰਹਿੰਦੇ ਰਹੇ?  ਕਿਵੇਂ ਉਹ ਲੋੜਾਂ ਅਤੇ ਮੁਸ਼ਕਲਾਂ ਦਾ ਹੱਲ ਕਰਦੇ ਸਨ? ਕੀ ਉਹਨਾਂ ਦੇ ਧਰਮ ਸਨ, ਕੀ ਰਸਮੋ-ਰਵਾਜ, ਕੀ ਸ਼ੁਗਲ ਸਨ? ਇਸ ਮਜਮੂਨ ਦਾ ਅਸਲੀ ਮੰਤਵ ਤਾਂ ਇਹੀ ਹੈ, ਕਿ ਏਥੋਂ ਦੇ ਰਹਿਣ ਵਾਲੇ ਪੁਰਖੇ ਕਿੱਥੋਂ ਕਿੱਥੋਂ ਆਏ ਤੇ ਸਾਡੇ ਲਈ ਕੀ ਅਕਲਾਂ ਪਿੱਛੇ  ਛੱਡ ਗਏ ਹਨ। ਜਿਸ ਤਰ੍ਹਾਂ ਸਾਡੇ ਵਿੱਚੋਂ ਕਈ ਲੋਕ ਸੋਚਦੇ ਰਹਿੰਦੇ ਹਨ ਕਿ, ‘ਸਾਡੀ ਔਲਾਦ ਦਾ ਕੀ ਬਣੂ?’  ਇਸੇ ਚੱਕਰ ‘ਚ ਸ਼ਾਇਦ ਉਹ ਵੀ ਫਸੇ ਰਹਿੰਦੇ ਹੋਣਗੇ। ਇਤਿਹਾਸ ਗਵਾਹੀ ਭਰਦਾ ਹੈ ਕਿ ਸਾਡੇ ਪੰਜਾਬੀ ਪੁਰਖਿਆਂ ਨੇ ਕਈ ਬਹੁਤ ਭਿਆਨਕ ਸਮੇਂ ਵੀ ਦੇਖੇ।

           

ਨਿਕਾਸ ਅਤੇ ਵਿਕਾਸ: ਆਪਣੇ ਪੰਜਾਬੀ ਵਿਰਸੇ ਦੀ ਨਿਕਾਸ ਅਤੇ ਵਿਕਾਸ ਨੂੰ ਸਹੀ ਤਰ੍ਹਾਂ ਸਮਝਣ ਲਈ ਪੰਜਾਬ ਦੇ ਇਤਿਹਾਸ ਦੀ ਕੁਝ ਵਾਕਫੀਅਤ ਤਾਂ ਜਰੂਰੀ ਹੈ, ਭਾਵੇਂ ਇਸ ਛੋਟੇ ਜਹੇ ਲੇਖ ਵਿਚ ਸਿਰਫ ਕੁਝ ਇਸ਼ਾਰੇ ਮਾਤਰ ਜਾਣਕਾਰੀ ਹੀ ਦਿੱਤੀ ਜਾ ਸਕਦੀ ਹੈ। ਇਸ ਵਿਸ਼ੇ ਨੂੰ ਸਹੀ ਤਰ੍ਹਾਂ ਸਮਝਣ ਲਈ  ਜਿੰਨੇ ਸੋਮਿਆਂ ਤੋਂ ਸਹਾਰਾ ਲਿਆ ਜਾਵੇ ਉਤਨਾ ਹੀ ਚੰਗਾ ਹੈ। ਪੰਜਾਬ ਦੇ ਇਤਿਹਾਸ ਦੀਆਂ ਕਿਤਾਬਾਂ ਪੜ੍ਹਨ ਦੀ ਜਰੂਰਤ ਪੈਂਦੀ ਹੈ। ਉਂਜ ਅਸੀਂ ਪੰਜਾਬੀ ਲੋਕ ਵਿਰਸੇ ਦੀ ਪਰਵਾਹ ਨਹੀਂ ਕਰਦੇ ਹੁੰਦੇ । ਆਮ ਤੌਰ ਤੇ ਨਾ ਅਸੀਂ ਕਿਤਾਬਾਂ ਪੜ੍ਹਨ ਦੇ ਆਦੀ ਹਾਂ। ਨਾ ਅਸੀਂ ਪੁਰਾਣੀਆਂ ਨਿਸ਼ਾਨੀਆਂ ਸੁੱਟਣ ਵੇਲੇ ਸੋਚਦੇ ਹਾਂ। ਸਮੇਂ ਨੇ ਸਾਨੂੰ ਅੰਗਰੇਜ਼ੀ ਨਾਲ  ਵੀ ਇਤਨਾ ਜੋੜ ਦਿੱਤਾ ਹੈ ਕਿ ਆਮ ਤੌਰ ਤੇ ਤਾਂ ਅਸੀਂ ਪੰਜਾਬੀ ਅਰਜੀਆਂ, ਪੰਜਾਬੀ ਸੰਸਥਾਵਾਂ, ਪੰਜਾਬੀ ਵਿਆਹ-ਸ਼ਾਦੀਆਂ ਦੇ ਰਿਜਿਸਟਰਾਂ ਤੇ ਵੀ ਅੰਗਰੇਜੀ ਵਿਚ ਦਸਖਤ ਕਰਦੇ ਹਾਂ। ਸਾਨੂੰ ਵਿਰਸੇ ਦਾ ਹੇਜ ਉਦੋਂ ਆਉਂਦਾ ਹੈ, ਜਦੋਂ ਇਹ ਖੁੱਸਣ ਵਾਲਾ ਹੋਵੇ, ਜਾਂ ਖੁੱਸ ਗਿਆ ਹੋਵੇ।

           

           ਹਰ ਗੱਲ ਦਾ ਕੋਈ ਨਾ ਕੋਈ ਕਾਰਨ ਜਰੂਰ ਹੁੰਦਾ ਹੈ । ਜੋਰਾਵਰ ਹਕੂਮਤਾਂ ਇਤਿਹਾਸ ਨੂੰ ਬਦਲ ਕੇ ਦਿਖਾਉਣ ਦੀ ਕੋਸ਼ਿਸ ਕਰਦੀਆਂ ਰਹੀਆਂ ਹਨ । ਇਸ ਲਈ ਭਾਵੇਂ ਇਤਿਹਾਸ ਕਦੇ ਪੂਰਾ ਸੱਚ ਨਹੀਂ ਉਘਾੜ ਸਕਦਾ, ਪਰ ਪੰਜਾਬੀ ਵਿਰਸੇ ਨੂੰ ਸਮਝਣ ਦੇ ਕਾਰਨ ਲੱਭਣ ਲਈ ਇਤਿਹਾਸ ‘ਤੇ ਝਾਤੀ ਮਾਰਨਾ ਜਰੂਰੀ ਹੈ। ਜੇ ਅਸੀਂ ਸਹੀ ਕਾਰਨ ਲੱਭਣ ਦੇ ਆਦੀ ਬਣ ਜਾਈਏ ਤਾਂ ਸ਼ਾਇਦ ਕੁਝ ਚੰਗਾ ਹਿੱਸਾ ਵੀ ਪਾ ਸਕੀਏ, ਨਹੀਂ ਤਾਂ ਗੱਲ ‘ਤੂੰ ਤੂੰ, ਮੈਂ ਮੈਂ’ ਤੋਂ ਅੱਗੇ ਨਹੀਂ ਵਧ ਸਕਦੀ।

           

           ਪੰਜਾਬ ਦੀ ਧਰਤੀ ਦਾ ਪ੍ਰਾਚੀਨ ਨਾਂ ਸਪਤ-ਸਿੰਧੂ ਸੀ। ਇਸਦੇ ਇਤਿਹਾਸ ਨੂੰ ਸਮਝਣ ਲਈ ਸਾਨੂੰ ਆਰੀਆ ਲੋਕਾਂ ਦਾ ਇਤਿਹਾਸ, ਰਾਮਾਇਣ ਤੇ ਮਹਾਂਭਾਰਤ ਦਾ ਇਤਿਹਾਸ, ਸਿਕੰਦਰ,ਚੰਦਰ ਗੁਪਤ ਮੋਰੀਆ,ਮਹਾਨ ਅਸ਼ੋਕ, ਸ਼ਕ ਲੋਕ, ਗੁਪਤਰਾਜ, ਬਿਕਰਮਾਜੀਤ ਚੰਦਰਗੁਪਤ, ਹੂਣ, ਸਮਰਾਟ ਹਰਸ਼, ਰਾਜਪੂਤ ਤੱਕ ਦੇ ਸਮਿਆਂ ਵਿਚੋਂ ਲੰਘਣਾ ਪਵੇਗਾ। ਉਸਤੋਂ ਬਾਅਦ ਇੱਥੇ ਸੰਨ 712 ਵਿਚ ਅਰਬ ਦੇ ਮੁਹੰਮਦ ਬਿਨ-ਕਾਸਮ ਦੇ ਹਮਲੇ ਦੇ ਨਾਲ ਮੁਸਲਮਾਨਾਂ ਦੀ ਆਮਦ ਸ਼ੁਰੂ ਹੋਈ, ਮਹਿਮੂਦ ਗ਼ਜ਼ਨਵੀ ਨੇ 1001 ਤੱਕ ਇਸ ਧਰਤੀ ਨੂੰ ਮੁਸਲਮਾਨਾਂ ਦੀ ਆਮਦ ਲਈ ਹੋਰ ਵੀ ਖੋਲ੍ਹ ਦਿੱਤਾ। ਇਸ ਦੌਰਾਨ ਕਿਸੇ ਸਮੇਂ ਇਸਦਾ ਨਾਂ ਸਪਤ-ਸਿੰਧੂ  ਤੋਂ ਪੰਜਾਬ ਬਣ ਗਿਆ। ਗ਼ਜਨਵੀ ਤੋਂ ਬਾਅਦ ਗ਼ੌਰੀਆਂ ਤੇ ਫਿਰ ਮੁਗਲਾਂ ਨੇ ਸਵਾ ਦੋ ਸੌ ਸਾਲ (1526-1752) ਰਾਜ ਕੀਤਾ। ਇਸੇ ਸਮੇਂ ਸਿੱਖ ਧਰਮ ਦੀ ਸਥਾਪਨਾ ਹੋਈ ਅਤੇ ਮੁਗਲਾਂ ਦੇ ਰਾਜ ਨਾਲ ਤਣਾਅ ਵਧਦਾ ਗਿਆ। ਅੰਤ ਵਿਚ ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਦਾ ਰਾਜ ਅਤੇ ਭਾਰਤ ਦੀ ਆਜ਼ਾਦੀ ਦੇ ਨਾਲ ਪੰਜਾਬ ਦੀ ਵੰਡ। ਆਜ਼ਾਦੀ ਤੋਂ ਬਾਅਦ ਫਿਰ ਪੰਜਾਬ ਦੇ ਹੋਰ ਟੁਕੜੇ ਹੁੰਦੇ ਰਹੇ ਅਤੇ ਵਰਤਮਾਨ ਪੰਜਾਬ ਵਿਚ ਨਵੀਆਂ ਕਿਸਮਾਂ ਦੇ ਮਸਲੇ ਆ ਰਹੇ ਹਨ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਨ੍ਹਾਂ ਤਬਦੀਲੀਆਂ ਦੇ ਹੁੰਦੇ ਹੋਏ ਵੀ ਜਿਸ ਤਰ੍ਹਾਂ ਵੀ ਇੱਥੋਂ ਦੇ ਵਸਨੀਕਾਂ ਨੇ ਆਪਸ ਵਿਚ ਰਹਿਣ ਲਈ ਨੁਸਖੇ ਕੱਢ ਕੱਢ ਆਪਣੇ ਆਪ ਨੂੰ ਜਿਉਂਦੇ ਰੱਖਿਆ, ਉਹਨਾਂ ਨੂੰ ਪੰਜਾਬੀਅਤ ਜਾਂ ਪੰਜਾਬੀ ਵਿਰਸਾ ਕਿਹਾ ਜਾ ਸਕਦਾ ਹੈ। ਇਹ ਵਿਰਸਾ ਧਰਮਾਂ ਦੀ ਵੱਖੋ-ਵੱਖਰੀ ਪਹਿਚਾਣ ਵੀ ਕਰਦਾ ਹੈ ਅਤੇ ਕੁਝ ਸਦੀਵੀ ਤਣਾਅ ਵੀ ਦਰਸਾਉਂਦਾ ਹੈ। ਇਸ ਇਤਿਹਾਸ ਨੂੰ ਘੋਖਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਆਪਣੀ ਬੋਲੀ ਸੀ। ਇਸ ਬੋਲੀ ਦੀ ਆਪਣੀ ਪਹਿਚਾਣ ਬਾਬਾ ਗੋਰਖ ਨਾਥ ਦੇ ਸਮੇਂ ਤੱਕ ਹੋ ਗਈ ਲਗਦੀ ਹੈ। ਕੰਨਪਾਟੇ ਯੋਗੀਆਂ ਦਾ ਇਹ ਸਮਾਂ ਤਕਰੀਬਨ ਦਸਵੀਂ ਸਦੀ ਦੇ ਲੱਗਭਗ ਦਾ ਸਮਾਂ ਹੈ। ਉਸਤੋਂ ਬਾਅਦ ਸੂਫੀ ਮੱਤ ਦੇ ਬਾਬਾ ਫਰੀਦ ਦੇ ਸਲੋਕਾਂ ਵਿਚ ਪੰਜਾਬੀ ਦੀ ਨਿਖਾਰ ਹੋਰ ਵੀ ਆਧੁਨਿਕ ਦਿਸਦੀ ਹੈ। ਫਰੀਦ ਜੀ ਦੀ ਬਾਣੀ ਤੋਂ ਇੱਥੇ ਗੈਰ-ਫਿਰਕੂ ਕਲਿਆਣਕਾਰੀ ਸਭਿਆਚਾਰ ਦੀ ਹੋਂਦ ਮਹਿਸੂਸ ਹੁੰਦੀ ਹੈ। ਗੋਰਖ ਨਾਥ ਅਤੇ ਫਰੀਦ ਦੀਆਂ ਰਚਨਾਵਾਂ ਤੋਂ ਸਾਫ ਜਾਹਰ ਹੋ ਜਾਂਦਾ ਹੈ ਕਿ ਪੰਜਾਬੀ ਜ਼ੁਬਾਨ ਦਾ ਅਮਲੀ ਰੂਪ ਸਿੱਖ ਮੱਤ ਦੇ ਉਸਰਨ ਤੋਂ ਪਹਿਲਾਂ ਹੋ ਚੁੱਕਿਆ ਸੀ। ਯਾਦ ਰਹੇ ਕਿ ਨਾਨਕ ਦੇਵ ਜੀ ਨੂੰ ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ ਅਤੇ ਸਿੱਖਾਂ ਦਾ ਬਾਨੀ ਕਰਕੇ ਦਰਸਾਇਆ ਜਾਣ ਲੱਗ ਪਿਆ ਸੀ, ਇਸ ਲਈ ਗੁਰੂ ਨਾਨਕ ਦੇ ਸਮੇਂ ਤੱਕ ਚੰਗੇ ਪੰਜਾਬੀ ਵਿਰਸੇ ਦੀ ਸਹੀ ਪਹਿਚਾਣ ਹੋ ਚੁੱਕੀ ਸੀ। ਇਹ ਵਿਰਸਾ ਹੱਕ ਅਤੇ ਸੱਚ ਤੇ ਅਧਾਰਤ ਹੈ ਅਤੇ ਸਭ ਦੀ ਭਲਾਈ ਦੀ ਮੰਗ ਕਰਦਾ ਹੈ। ਭਾਵੇਂ ਕਿਤਨੇ ਧਾੜਵੀ, ਲੁਟੇਰੇ, ਲਫੰਗੇ, ਤੇ ਹੋਰ ਚੰਗੇ-ਮੰਦੇ ਰਾਜ ਇੱਥੇ ਆਏ, ਇੱਥੋਂ ਦੇ ਵਸਨੀਕਾਂ ਨੇ ਆਪਸ ਵਿਚ ਬਾਤ-ਚੀਤ ਕਰਨ ਲਈ ਆਪਣੀ ਬੋਲੀ, ਆਪਣੀ ਭਾਸ਼ਾ ਵਿਚ ਹੀ ਕਰ ਸਕੇ। ਸਰਕਾਰ ਦੀ ਬੋਲੀ ਮੇਜਾਂ ਦੀਆਂ ਟੋਕਰੀਆਂ ਵਿਚ ਕੈਦ ਰਹੀ। ਉਹੀ ਬੋਲੀ ਅਜੇ ਵੀ ਪੰਜਾਬ ਵਿਚ ਚਲਦੀ ਹੈ, ਭਾਵੇਂ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਉਗਰਾਹੁਣ ਵਾਲੇ ਪੰਜਾਬ ਦੀ ਮਾਂ ਬੋਲੀ ਨਾਲ ਸ਼ਰ੍ਹੇ-ਆਮ ਵਿਤਕਰਾ ਕਰ ਰਹੇ ਹਨ । ਮਾਂ ਬੋਲੀ ‘ਸਾਡਾ ਮੂਲ ਪੰਜਾਬੀ ਵਿਰਸਾ’ ਹੈ । ਬਾਕੀ ਸਭ ਗੱਲਾਂ ਇਸਦੇ ਅੰਗ ਹਨ। ਬੋਲੀ ਵਰਗੀ ਹੋਰ ਕੋਈ ਸਾਂਝ ਵੀ ਨਹੀਂ, ਬੋਲੀ ਦੇ ਨਾਲ ਹੀ ਪੰਜਾਬੀ ਭਾਸ਼ਾ ਬਣਦੀ ਹੈ, ਜਿਸ ਨਾਲ ਲੋਕ ਆਪਸ ਵਿਚ ਸੰਪਰਕ ਕਰਦੇ ਹਨ।

            

           ਭਾਸ਼ਾ ਦੀ ਸਾਂਝ, ਪਿਆਰ ਦੀ ਸਾਂਝ ਬਣ ਜਾਂਦੀ ਰਹੀ ਹੈ। ਇਸ ਸਾਂਝ ਕਰਕੇ ਵੱਖੋ-ਵੱਖ ਧਰਮਾਂ ਦੇ ਪੁਰਾਣੇ ਲੋਕਾਂ ਦਾ ਪੇਂਡੂ ਸਮਾਜ ਤਕਰੀਬਨ ਇਕੋ ਜਿਹਾ ਸੀ, ਇਕ ਦੂਜੇ ਤੇ ਨਿਰਭਰ ਸੀ । ਇਕ-ਦੂਜੇ ਦੇ ਆਉਣਾ ਜਾਣਾ ਬਣਿਆ ਰਹਿੰਦਾ ਸੀ। ਗੁਆਂਢੀ ਸੁੱਖ ਵੇਲੇ ਸੁੱਖਾਂ ਮਨਾਉਂਦੇ, ਮਰਨ ਵੇਲੇ ਦੁੱਖ ਵੰਡਾਉਂਦੇ, ਵਿਆਹਾਂ-ਕਾਰਜਾਂ ਵਿੱਚ ਹੱਥ ਵੰਡਾਉਂਦੇ ਹੁੰਦੇ ਸਨ। ਗੱਲ ਕੀ ਸਾਂਝੇ ਰਿਵਾਜ, ਸਾਂਝੇ ਤਿਓਹਾਰ, ਸਾਂਝਾ ਦੁਖ-ਸੁਖ । ਕੱਠਿਆਂ ਰਹਿਣ ਲਈ ਸਾਂਝੇ ਢੰਗ-ਸਾਂਝੀ ਅਣਖ, ਤੁਹਾਡੀ ਧੀ ਭੈਣ, ਸਾਡੀ ਧੀ ਭੈਣ ਵਾਲੀ ਬੋਲ-ਬਾਣੀ। ਅਕਬਰ ਦੇ ਸਮੇਂ ਅਸੀਂ ਦੁੱਲੇ ਭੱਟੀ ਦੇ ਹਾਮੀ ਰਹੇ ਹਾਂ। ਵੱਡਿਆਂ ਦੀ ਇੱਜ਼ਤ, ਛੋਟਿਆਂ ਦੀ ਕਦਰ,ਸਾਂਝੇ ਸੰਗੀਤ, ਦੁੱਲਾ-ਭੱਟੀ, ਹੀਰ ਰਾਂਝੇ ਵਰਗੀਆਂ ਕਹਾਣੀਆਂ ਸਭ ਨੂੰ ਇਕੋ ਜਹੀਆਂ ਪਸੰਦ ਸਨ, ਜਾਂ ਵੱਖੋ-ਵੱਖਰੇ ਧਰਮਾਂ ਦੇ ਕੱਟੜ ਲੋਕਾਂ ਨੂੰ ਇੱਕੋ ਜਹੀਆਂ ਨਾ-ਪਸੰਦ । ਪਿਆਰ ਲਈ ਰਾਂਝੇ ਦਾ ਮੁਸਲਮਾਨ ਤੋਂ ਹਿੰਦੂ ਯੋਗੀ ਹੋ ਜਾਣਾ ਸਾਂਝੇ ਪੰਜਾਬੀ ਵਿਰਸਾ ਦਾ ਅੰਗ ਹੈ। ਧਰਮ ਦੇ ਆਧਾਰ ਤੇ ਹਿੰਦੂ ਮੁਸਲਮਾਨ ਖਿੱਚੋਤਾਣ ਨੂੰ ਪਛਾਣਦੇ ਹੋਏ ਕਬੀਰ ਜੀ ਤੋਂ ਚੱਲਕੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਵੀ ਰਚੀ.  ‘ਸਭੋ ਸਾਂਝੀਵਾਲ ਸਦਾਇਨ’,  ‘ਨਾ ਕੋ ਬੈਰੀ ਨਾਹੀ ਬੇਗਾਨਾ’    ‘ ਨਾ ਹਮ ਹਿੰਦੂ, ਨ ਮੁਸਲਮਾਨ’ ।  ਪੰਜਾਬ ਦੇ ਲੋਕ ਸਦਾ ਆਜ਼ਾਦੀ ਦੇ ਪਰਵਾਨੇ ਰਹੇ ਹਨ। ਭਗਤ ਸਿੰਘ ਦਾ ਦੁਰਗਾ ਭਾਬੀ ਨਾਲ ‘ਅਖੌਤੀ-ਖਸਮ’ ਬਣਕੇ ਨਿਕਲ ਜਾਣਾ ਪਰ ਭੈਣਾ ਵਰਗਾ ਰਸੂਖ ਰੱਖਣਾ ਪੰਜਾਬੀ ਵਿਰਸੇ ਦੀ ਇਕ ਵਧੀਆ ਮਿਸਾਲ ਹੈ, ਜਿਸਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਇਹ ਸਾਡਾ ਪੰਜਾਬੀ ਵਿਰਸਾ ਹੈ। ਕੁਰਸੀ ਲਈ ਦਿੱਲੀ ਦੇ ਕਠਪੁਤਲਿਆਂ ਵਾਂਗੂੰ ਖੁਸ਼ਾਮਦ ਦੀਆਂ ਇਲਤਾਂ ਕਰਦੇ ਰਹਿਣਾ ਸਿਆਸਤ ਵਰਗੀ ਹੋਰ ਸ਼ੈਅ ਤਾਂ ਹੋ ਸਕਦੀ ਹੈ, ਪਰ ਇਹ ਪੰਜਾਬੀ ਵਿਰਸਾ ਹਰਗਿਜ਼ ਨਹੀਂ। ਪੰਜਾਬੀ ਵਿਰਸਾ ਜਨੇਊ ਪਹਿਨਣ ਵਾਲੇ ਪੰਡਤਾਂ ਦੀ ਰਾਖੀ ਕਰਨ ਦੇ ਹੱਕ ਵਿਚ ਤਾਂ ਹੋ ਸਕਦਾ ਹੈ, ਪਰ ਆਪਣੀ ਇੱਜ਼ਤ ਲਈ ਗਾਂਧੀਵਾਦ ਦੇ ਨੇੜੇ ਨਹੀਂ ਢੁਕਦਾ। ਉਦੋਂ ਸਾਡਾ ਵਿਰਸਾ

          

                      ‘ਚੂੰ  ਕਾਰ  ਅਜ਼ ਹਮਾ ਹੀਲਤੇ ਦਰ ਗੁਜਸ਼ਤ,

                      ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ।’

ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ।

           

           ਇਹ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਪੰਜਾਬੀ ਵਿਰਸੇ ਵਿਚ ਕੁਝ ਮਾੜੀਆਂ ਗੱਲਾਂ ਨਹੀਂ; ਜਾਤ-ਪਾਤ ਦਾ ਰੋਗ ਅਤੇ ਕੁੜੀਆਂ ਦੇ ਮਾਰਨ ਦਾ ਕੋਹੜ ਸਿੱਖਾਂ ਵਿੱਚੋਂ ਵੀ ਪੂਰਾ ਨਹੀਂ ਲਹਿ ਸਕਿਆ ।  ਪਰ ਇਹ ਤਾਂ ਸਾਰੇ ਭਾਰਤ ਲਈ ਕਲੰਕ ਹੈ। ਇਹੀ ਹਾਲ ਮੁਸਲਮਾਨਾਂ ਵਿਚ ਬੁਰਕਾ ਪਹਿਨਣ ਦਾ ਹੈ। ਪੰਜਾਬੀ ਵਿਰਸਾ ਤਾਂ ਉਹ ਹੈ ਜੋ ਭਗਤ ਸਿੰਘ ਵਰਗੇ ਬਹਾਦਰਾਂ ਨੇ ਏਕਤਾ ਰੱਖਣ ਲਈ ਆਪਣੇ ਆਪ ਨੂੰ ਨਾਸਤਕ ਤੱਕ ਵੀ ਕਹਿ ਦਿੱਤਾ । ਸੰਨ ਸੰਤਾਲੀ ਦਾ ਘੱਲੂ-ਘਾਰਾ ਪੰਜਾਬੀ ਵਿਰਸੇ ਉੱਤੇ ਸਦੀਵੀ ਦਾਗ ਹੈ, ਪਰ ਉਸ ਸਮੇਂ ਵੀ ਦੋਨੋ ਪਾਸੀਂ ਲੋਕਾਂ ਨੇ ਧਰਮ ਦੇ ਕੱਟੜ ਖਿਆਲਾਂ ਉੱਤੋਂ  ਉੱਚੇ ਉੱਠਕੇ, ਆਪਣੇ ਆਪਨੂੰ ਖਤਰਿਆਂ ਵਿਚ ਪਾ ਪਾ ਕੇ ਆਪਣੇ ਪਿੰਡਾਂ ਦੇ ਲੋਕਾਂ ਨੂੰ ਬਚਾਇਆ, ਕਿਉਂਕਿ ਉਹਨਾਂ ਦੀ ਆਪਸ ਵਿਚ ਡੂੰਘੀ ਸਾਂਝ ਬਣੀ ਹੋਈ ਸੀ। 

           

           ਵੰਡ ਤੋਂ ਬਾਅਦ ਵੀ ਦੋਨੋ ਪੰਜਾਬ ਕਈ ਵਾਰ ਫਿਰ ਤਬਾਹੀ ਦੇ ਨੇੜੇ ਤੇੜੇ ਆ ਕੇ ਬਚਦੇ ਰਹੇ ਹਨ, ਅਤੇ ਦੋਨੋ ਕੇਂਦਰੀ ਸਰਕਾਰਾਂ ਦਾ ਪੰਜਾਬੀ ਭਾਸ਼ਾ ਨਾਲ ਸੌਕਣਾਂ ਵਾਲਾ ਰਿਸ਼ਤਾ ਰਿਹਾ ਹੈ। ਭਾਰਤ ਦੇ ਆਗੂਆਂ ਦੇ ਅਜੇ ਇਹ ਗੱਲ ਸਿਰ ਨਹੀਂ ਚੜ੍ਹੀ ਕਿ ਹਰ ਭਾਸ਼ਾ ਆਪਣੇ ਆਪ ਦੂਜੀ ਭਾਸ਼ਾ ਵਿਚ ਰਚ-ਮਿਚ ਤਾਂ ਸਕਦੀ ਹੈ, ਪਰ ਕਿਸੇ ਤੇ ਆਪਣੀ ਭਾਸ਼ਾ ਦੀ ਹੈਂਕੜ ਦਾ ਅਸਰ, ਅਕਸਰ, ਉਲਟ ਹੁੰਦਾ ਹੈ। ਲਿੱਪੀਆਂ ਦੇ ਵੱਖ ਵੱਖ ਹੁੰਦਿਆਂ ਹੋਇਆਂ ਵੀ ਪੰਜਾਬੀ ਜ਼ੁਬਾਨ ਉੱਤੇ ਅਜੇ ਵੀ ‘ਬਾਬੇ ਦੀ ਫੁੱਲ ਕਿਰਪਾ ਹੈ।’ ਇਹੀ ਸਾਡਾ ਮੂਲ ਪੰਜਾਬੀ ਵਿਰਸਾ ਹੈ।

           

           ਪੰਜਾਬੀ ਭਾਸ਼ਾ ਦੂਜੀਆਂ ਜ਼ੁਬਾਨਾਂ ਨਾਲ ਘੁਲਣ-ਮਿਲਣ ਵਾਲੀ ਭਾਸ਼ਾ ਹੈ, ਭਿੱਟੀ ਜਾਣ ਵਾਲੀ ਨਹੀਂ। ਇਸੇ ਕਰਕੇ ਇਸ ਵਿਚ ਅਰਬੀ, ਫਾਰਸੀ, ਅੰਗਰੇਜ਼ੀ, ਸੰਸਕ੍ਰਿਤ,ਉਰਦੂ, ਹਿੰਦੀ, ਅਤੇ ਵੱਖੋ-ਵੱਖ ਪੰਜਾਬੀ ਰੰਗ ਦੇਖੇ ਜਾਂਦੇ ਹਨ। ਇਹ ਵੀ ਪੰਜਾਬੀਆਂ ਦੀ ਬੋਲੀ ਦਾ ਵਿਰਸਾ ਹੈ। ਸਾਡਾ ਭੰਗੜਾ ਹੁਣ ਅੰਗਰੇਜ਼ੀ ਵਿਚ ਵੀ ਜਾ ਵੜਿਆ ਹੈ ।

           

ਭਵਿੱਖ: ਆਪਣੇ ਵਿਰਸੇ ਦੀ ਸਹੀ ਪਹਿਚਾਣ ਕਰਨਾ ਇਕ ਸਭਿਅ (ਸੁਚੱਜੀ) ਗੱਲ ਹੁੰਦੀ ਹੈ। ‘ਜੇ ਅਸੀਂ ਆਪਣਾ ਵਿਰਸਾ ਭੁੱਲ ਜਾਵਾਂਗੇ, ਤਾਂ ਕੱਖਾਂ ਵਾਂਗਰ ਰੁਲ਼ ਜਾਵਾਂਗੇ ’, ਕਈ ਥਾਵਾਂ ਤੇ ਕੁਝ ਇਸ ਤਰ੍ਹਾਂ ਦੇ ਸ਼ਬਦ ਲਿਖੇ ਦੇਖੇ ਜਾਂਦੇ ਹਨ।  ਇਸਦਾ ਮਤਲਬ ਦੂਜਿਆਂ ਨਾਲ ਲੜਾਈ ਛੇੜਣ ਦੀ ਗੱਲ ਨਹੀਂ, ਇਸਦਾ ਸਹੀ ਮਤਲਬ ਹੈ ਕਿ ਜੇ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਚੱਲੇ ਕਿੱਥੋਂ ਹਾਂ, ਤਾਂ ਅਸੀਂ ਅਗਲੀ ਮੰਜ਼ਿਲ ਦੀ ਸਹੀ ਪਹਿਚਾਣ ਵੀ ਨਹੀਂ ਕਰ ਸਕਦੇ।

           

           ਪੰਜਾਬੀ ਵਿਰਸਾ ਕਿੱਧਰ ਜਾ ਰਿਹਾ ਹੈ, ਇਸਦਾ ਨਚੋੜ ਤਾਂ ਸਮਾਂ ਹੀ ਕੱਢੇਗਾ । ਪਰ, ਹੁਣ ਦਾ ਪੰਜਾਬੀ ਵਿਰਸਾ ਬਦਲ ਜਰੂਰ ਰਿਹਾ ਹੈ।  ਕੁਝ ਗੱਲਾਂ ਵਿਚ ਪੰਜਾਬੀ ਵਿਰਸਾ ਤਰੱਕੀ ਦੇ ਰਾਹਾਂ ਵੱਲ ਜਾ ਰਿਹਾ ਹੈ। ਵਿਰਸੇ ਵਿਚ ਆਈ ਹਰ ਚੀਜ ਸੰਭਾਲਣ ਵਾਲੀ ਵੀ ਨਹੀਂ ਹੁੰਦੀ। ਪੰਜਾਬੀ ਲੋਕ ਜੇ ਇਕ ਦੋ ਜੁਬਾਨਾਂ ਅਤੇ ਕੰਪਿਊਟਰ ਦੀ ਜ਼ੁਬਾਨ ਵੀ ਸਿੱਖ ਲੈਣ ਤਾਂ ਮਨ ਤੇ ਬੋਝ ਪੈਣ ਵਾਲੀ ਗੱਲ ਨਹੀਂ ਹੋਣ ਲੱਗੀ, ਨਾਂ ਹੀ ਧਰਮ ਦਾ ਸਤਿਆਨਾਸ ਹੋ ਸਕਦਾ ਹੈ। ਹਰ ਬੰਦੇ ਨੂੰ ਆਪਣੀ ਮਾਤ-ਭਾਸ਼ਾ ਜਰੂਰ ਸਿੱਖ ਲੈਣੀ ਚਾਹੀਦੀ ਹੈ, ਭਾਵੇਂ ਇਹ ਖਿਚੜੀ ਜਹੀ ਭਾਸ਼ਾ ਹੀ ਹੋਵੇ।

           

           ਲੋਕਾਂ ਦੀਆਂ ਗੱਲਾਂ ਤੋਂ ਇਹ ਵੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬੀ ਵਿਰਸੇ ਨੂੰ ਕੁਝ ਰੋਗ ਵੀ ਲੱਗੇ ਹੋਏ ਹਨ, ਉਹਨਾਂ ਦਾ ਅੱਧ-ਪਚੱਧ ਵੇਰਵਾ ਨਿਮਨ-ਲਿਖਤ ਹੈ:

  • ਮਾਂ ਬੋਲੀ ਨੂੰ ਧਰਮ ਨਾਲ ਜੋੜਨ ਦਾ ਰੋਗ
  • ਦਿੱਲੀ/ਇਸਲਾਮਾਬਾਦ ਦੀਆਂ ਸਿਆਸਤਾਂ ਦੇ ਰੋਗ
  • ਬਾਹਰਲੇ ਮੁਲਕਾਂ ਵਿਚ ਜਾਣ ਦੇ ਰੋਗ 
  • ਝੋਨੇ ਦੀ ਪੈਦਾਇਸ਼ ਅਤੇ ਇਸਦਾ ਪੰਜਾਬੀ ਵਿਰਸੇ ਤੇ ਅਸਰ
  • ਟੈਲੀਵਿਯਨ, ਪੈਸਾ/ਸੌਦੇਬਾਜੀ/ਲੋਭ, ਕੁੜੀਆਂ ਦੀ ਕਬੱਡੀ ਇਤ-ਆਦਿ

 

ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਹੜੇ ਰੋਗਾਂ ਨਾਲ ਸਾਡੇ ਪੰਜਾਬੀ ਵਿਰਸੇ ਦਾ ਕੀ ਕੀ ਨੁਕਸਾਨ ਹੋਇਆ, ਤੇ ਪੰਜਾਬੀ ਭਾਸ਼ਾ ਇਸ ਝੱਖੜ ਵਿਚੋਂ ਕਿਵੇਂ ਲੰਘੀ। ਪੰਜਾਬੀ ਵਿਰਸੇ ਨੇ ਹੁਣ ਦੇ ਕਾਲ਼ ਵਿਚ ਕੀ ਖੱਟਿਆ ? ਮੇਰਾ ਆਪਣਾ ਖਿਆਲ ਹੈ ਕਿ ਘੱਟੋ-ਘੱਟ ਔਰਤਾਂ ਦੀ ਵਿੱਦਿਆ ਵਿਚ ਕੁਝ ਵਾਧਾ ਜਰੂਰ ਦਿਸੇਗਾ । ਇਸੇ ਤਰ੍ਹਾਂ ਵਿਸ਼ਵੀਕਰਣ ਦੇ ਅਸਰ ਹੇਠ ਕੁਝ ਹੋਰ ਚੰਗੇ-ਮੰਦੇ ਪਰਭਾਵ ਪੰਜਾਬੀ ਵਿਰਸੇ ਤੇ ਪੈਣਗੇ, ਜਿਸ ਤਰ੍ਹਾਂ ਹੋਰਾਂ ਲੋਕਾਂ ਦੇ ਵਿਰਸਿਆਂ ‘ਤੇ ਪੈਣਗੇ।

           

           ਗੁਰੂ ਅਰਜਨ ਦੇਵ ਜੀ ਦੀ ਕਿਰਪਾ ਕਰਕੇ ਕਿਸੇ ਹੱਦ ਤੱਕ ਸਾਨੂੰ ਸਾਡੀ ਵਿਰਸਾ ਸੰਭਾਲਣ ਦੀ ਆਦਤ ਪੈ ਗਈ। ਸਮੇਂ ਸਮੇਂ ਪੰਜਾਬੀ ਵਿਰਸੇ ਨੂੰ  ਵੱਖ ਵੱਖ ਲੋਕ ਪੁੱਠੇ ਪਾਸੇ ਲਈ ਜਾਂਦੇ ਦੇਖੇ ਜਾਂਦੇ ਹਨ। ਇਸ ਵਿਚ ਸਿਰਫ ਡੇਰੇ ਸਿਰਸੇ ਵਰਗੇ ਬਾਬੇ ਹੀ ਸ਼ਾਮਲ ਨਹੀਂ, ਬਾਹਰਲੇ ਮੁਲਕਾਂ ਵਿਚ ਵੀ ਅਨੇਕਾਂ ਖੁਦ-ਪਰਸਤ ਬੰਦੇ ਹਨ ਜੋ ਸਾਂਝੇ ਪੰਜਾਬੀ ਵਿਰਸੇ ਨੂੰ ਖਰੀਦੀ ਜਾ ਸਕਣ ਵਾਲੀ ਟੋਲੀ ਦਿਸਣ ਲਾ ਦਿੰਦੇ ਹਨ। ਇਹੀ ਕਾਰਨ ਹੈ ਕਿ ਸਾਡੇ ਕਈ ਗੁਰੂਦੁਆਰਿਆਂ  ਵਿਚ ਵੋਟਾਂ ਸਮੇਂ ਕਈ ਲੈਕਚਰ ਇਸ ਤਰ੍ਹਾਂ ਦੇ ਲਗਦੇ ਹਨ ਜਿਵੇਂ ਗੁਰੂ ਨਾਨਕ  ਦੀ ਬਾਣੀ ਦਾ ਮਖੌਲ ਕਰ ਰਹੇ ਹੋਣ। ਇਹ ਪੰਜਾਬੀ ਵਿਰਸੇ ਦੇ ਵਿਗੜੇ ਰੂਪ ਕਹੇ ਜਾ ਸਕਦੇ ਹਨ।

           

           ਇਹ ਤਾਂ ਠੀਕ ਹੈ ਅਤੇ ਕੁਦਰਤੀ ਵੀ ਹੈ ਕਿ ਵਿਸ਼ਵੀਕਰਨ ਦਾ ਕੁਝ ਮੰਦਾ ਅਸਰ ਪਵੇਗਾ, ਪਰ ਵਿਸ਼ਵੀਕਰਨ ਨਾਲ ਪੰਜਾਬੀ ਵਿਰਸੇ ਦਾ ਪਸਾਰਾ ਵੀ ਵਧ ਰਿਹਾ ਹੈ। ਪਰ ਇਹ ਪਸਾਰਾ ਲਹੂ ਦੇ ਵਿਰਸੇ ਦਾ ਜ਼ਿਆਦਾ ਹੈ, ਭਾਸ਼ਾ ਦਾ ਨਹੀਂ। ਭਾਸ਼ਾ ਦੀ ਪੁੱਠ ਕਿਸੇ ਸਮਾਜ ਵਿਚ ਰਹਿਣ ਨਾਲ ਹੀ ਚੜ੍ਹ ਸਕਦੀ ਹੈ । ਇਹੀ ਕਾਰਨ ਹੈ ਕਿ ਬਾਹਰਲੇ ਮੁਲਕਾਂ ਵਿਚ ਗੁਰੂਦੁਆਰਿਆਂ ਦੇ ਕਈ ਬੁਲਾਰੇ ਇਕ ਫਿਕਰਾ ਵੀ ਨਿਰੋਲ ਪੰਜਾਬੀ ਨਾਲ ਪੂਰਾ ਨਹੀਂ ਕਰ ਸਕਦੇ। ਬਾਹਰ ਦੀਆਂ ਪੰਜਾਬੀ ਲਿਖਾਰੀ ਸਭਾਵਾਂ ਵਿਚ ਵੀ ਬਹੁਤੇ ਦਸਖਤ ਅੰਗਰੇਜ਼ੀ ਵਿਚ ਕਰਦੇ ਹਨ। ਪੰਜਾਬੀ ਪਾਰਟੀਆਂ ਵਿਚ ਰੱਖੇ ਰੀਜਿਸਟਰਾਂ ਤੇ ਕਈ ਵਾਰ ਮੈਂ ਸਾਰੇ ਦੇ ਸਾਰੇ ਦਸਖਤ ਅੰਗਰੇਜ਼ੀ ਵਿਚ ਦੇਖੇ ਹਨ। ਇਸ ਗੁਸਤਾਖੀ ਵਿਚ ਤਾਂ ਮੇਰਾ ਵੀ ਹੱਥ ਹੈ। ਪਿੱਛੇ ਜਹੇ ਮੈਂ ਦੋ ਪੰਜਾਬੀ ਕੰਪਿਊਟਰ ਵਿਦਵਾਨਾਂ ਦੇ ਪੱਤਰ ਅੰਗਰੇਜ਼ੀ ਵਿਚ ਛਪੇ ਹੋਏ ਪੜ੍ਹੇ ਤਾਂ ਅਫਸੋਸ ਜਰੂਰ ਹੋਇਆ। ਜਦੋਂ  ਮੈਂ ਖੁਦ ਆਪਣੇ ਅੰਦਰ ਨਿਗਾਹ ਮਾਰੀ ਤਾਂ ਰੋਸ ਪੱਤਰ ਲਿਖਦਾ ਲਿਖਦਾ ਹਟ ਗਿਆ । ਜਦੋਂ ਸਾਡੀ ਆਪਣੀ ਇਹ ਹਾਲਤ ਹੈ ਤਾਂ ਬਾਹਰਲੇ ਮੁਲਕਾਂ ਦੇ ਜੰਮੇ-ਪਲ਼ੇ ਬੱਚਿਆਂ ਤੋਂ ਬਹੁਤੀ ਆਸ ਕਰਨੀ ਅੱਖਾਂ ਅੱਗੇ ਖੋਪੇ ਲਾਉਣ ਵਾਲੀ ਗੱਲ ਹੈ। ਪਰਵਾਸੀ ਪੰਜਾਬ ਦੀਆਂ ਜੜ੍ਹਾਂ ਏਸ ਗੱਲੋਂ ਬੇਹੱਦ ਪੇਤਲੀਆਂ ਹਨ। ਕੋਈ ਵਿਰਲਾ ਹੀ ਹੋਵੇਗਾ ਜੋ ਬਾਹਰਲੇ ਮੁਲਕਾਂ ਵਿੱਚ ਜੰਮਿਆ ਸ਼ੁੱਧ ਪੰਜਾਬੀ ਲਿਖ ਸਕਦਾ ਹੋਵੇ, ਲਿਖਾਰੀ ਬਣਨਾ ਤਾਂ ਪਾਸੇ ਰਿਹਾ। ਇਸੇ ਤਰ੍ਹਾਂ ਦੀ ਹਾਲਤ ਪੰਜਾਬ ਦੀਆਂ ਲਿੱਪੀਆਂ ਦੀ ਹੈ, ਪਰ ਜਿੰਨਾ ਚਿਰ ਦੋਹਾਂ ਪੰਜਾਬਾਂ  ਦੇ ਲੋਕ, ਖਾਸਕਰ ਆਮ ਜਹੇ ਲੋਕ, ਆਪਸ ਵਿਚ ਵਿਹਾਰ ਕਰਦੇ ਰਹਿਣਗੇ ਪੰਜਾਬੀ ਜ਼ੁਬਾਨ ਬੁਰਕੇ ਥੱਲੇ ਵੀ ਜਿਉਂਦੀ ਰਹੇਗੀ।

           

           ਪੰਜਾਬੀ ਵਿਰਸਾ ਲਾਹੌਰ ਵਿਚ ਕਿਤਨਾ ਜਿਉਂਦਾ ਹੈ, ਇਸ ਵਾਰੇ ਮੈਂ ਘੱਟ ਲਿਖਿਆ ਹੈ, ਕਿਉਂਕਿ ਮੇਰੀ ਜਾਣਕਾਰੀ ਘੱਟ ਹੈ । ਪੰਜਾਬ ਦੀ ਵੰਡ ਦਾ ਸਦਮਾ ਪੰਜਾਬੀ ਮੁਸਲਮਾਨਾਂ ਨੂੰ ਹਿੰਦੂ ਸਿੱਖਾਂ ਨਾਲੋਂ ਘੱਟ ਨਹੀਂ ਹੋਇਆ । ਇਸ ਵੰਡ ਨੂੰ ਰੋਕਣ ਲਈ ‘ਖਿਜ਼ਰ ਹਿਆਤ ਟਿਵਾਣਾ’ ਦਾ ਨਾਮ ਮੈਂ ਸਭਤੋਂ ਪਹਿਲਾਂ ਲਿਆ ਜਾਂਦਾ ਦੇਖਿਆ-ਸੁਣਿਆ ਹੈ। ਇਸਦਾ ਮਤਲਬ ਇਹ ਨਹੀਂ ਕਿ ਹੋਰ ਮੁਸਲਮਾਨਾਂ ਦਾ ਇਸਨੂੰ ਰੋਕਣ ਅਤੇ ਭਾਰਤ ਦੀ ਆਜ਼ਾਦੀ ਵਿਚ ਹਿੱਸਾ ਨਹੀਂ। ਮੇਰੀ ਸਮਝ ਅਤੇ ਖੋਜ ਹੀ ਅਧੂਰੀ ਹੈ । ਉਰਦੂ ਨਾ ਜਾਨਣ ਕਰਕੇ ਇਹ ਕਿਸੇ ਹੱਦ ਤੱਕ “ਤੂੰ ਵੀ ਰਹਿ ਗਿਆ ਅਧੂਰਾ, ਮੈਂ ਵੀ ਰਹਿ ਗਈ ਅਧੂਰੀ” ਵਾਂਗ ਹੀ ਰਹੇਗੀ।

           

ਆਖਰੀ ਸ਼ਬਦ (ਨਿਚੋੜ): ਜੋ ਪੰਜਾਬੀ ਵਿਰਸਾ ਸਾਨੂੰ ਮਿਲਿਆ, ਮੇਰੀ ਸਮਝ ਅਨੁਸਾਰ ਉਹ ਵਿਰਸਾ, ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦਾ ਮਨੁੱਖਤਾ ਦੀ ਚੋਟੀ ‘ਤੇ ਜਾਣ ਦੀ ਤਮੰਨਾ ਦਾ ਵਿਰਸਾ ਸੀ । ਇਸ ਵਿਰਸੇ ਵਿਚ ਆਜ਼ਾਦੀ ਅਤੇ ਸਭ ਦੀ ਭਲਾਈ ਦਾ ਨਾਅਰਾ ਸੀ। ਆਜ਼ਾਦੀ ਲਈ ਤਾਂ ਲੋਕ ਧਰਮਾਂ ਦੇ ਕੱਟੜ-ਪੁਣੇ ਤੋਂ ਉੱਚੇ ਉੱਠਕੇ ਵੀ ਲੜੇ, ਪਰ ਖੁਦ ਆਪਣੀ ਜਾਤ-ਪਾਤ ਦੇ ਰੋਗ ਨਾ ਤਿਆਗ ਸਕੇ । ਇਸੇ ਕਰਕੇ ਸਾਡੇ ਪੰਜਾਬੀ ਲਿਖਣ ਵਾਲਿਆਂ ਦੀ ਵਿਧੀ ਵੀ ਇਕ ਨਹੀਂ ਹੋ ਸਕੀ। ਅਮਲੀ ਤੌਰ ਤੇ ਵੱਖੋ-ਵੱਖ ਜਾਤਾਂ ਵਿਚ ਵੀ ਇਸਤਰੀ ਦਾ ਕੱਦ ਕਦੇ ਵੀ ਮਰਦ ਦੇ ਬਰਾਬਰ ਦਾ ਨਹੀਂ ਹੋ ਸਕਿਆ । 

           

           ਆਮ ਲੋਕ ਆਪਸ ਵਿਚ ਗੱਲਾਂ ਕਰਨ ਸਮੇਂ ਪੰਜਾਬੀ ਵਿਰਸੇ ਨੂੰ ਇਕ ‘ਮਹਿਮਾਨ-ਨਿਵਾਜੀ, ਖੁੱਲ੍ਹ-ਦਿਲੀ, ਦੁਖ-ਸੁਖ, ਸਾਂਝੇ ਤਿਓਹਾਰ, ਸਾਂਝੀ ਅਣਖ, ਤੁਹਾਡੀ ਧੀ ਭੈਣ-ਸਾਡੀ ਧੀ ਭੈਣ, ਵੱਡਿਆਂ ਦੀ ਇੱਜ਼ਤ, ਛੋਟਿਆਂ ਦੀ ਕਦਰ ਕਰਨ ਵਾਲੀ ਸ਼ੈਅ ’ ਸਮਝਦੇ ਰਹੇ ਹਨ।’ ਕਿਸੇ ਹੱਦ ਤੱਕ ਪੰਜਾਬੀ ਵਿਰਸੇ ਦੀ ਇਹ ਪਰਿਭਾਸ਼ਾ ਠੀਕ ਹੀ ਹੈ। ਪੰਜਾਬ ਦੇ ਟੋਟੇ ਹੋ ਜਾਣਾ ਅਤੇ ਲਿੱਪੀਆਂ ਦੇ ਵੱਖਰੇ ਵੱਖਰੇ ਹੋਣ ਕਰਕੇ ‘ਸਾਡਾ ਪੰਜਾਬੀ ਵਿਰਸਾ’ ਆਪੋ-ਆਪਣੀਆਂ ਬੁੱਕਲਾਂ ਮਾਰਕੇ ਚਲਦਾ ਰਹੇਗਾ। ਇਹ ਵੀ ਸਮਾਂ ਹੀ ਦੱਸੇਗਾ ਕਿ ਅਸੀਂ ਇਕ ਦੂਜੇ ਤੋਂ ਕਿਤਨੇ ਅਲੱਗ ਹੋ ਗਏ ਹਾਂ। ਕੋਈ ਇਕ ਥਾਂ ਰਹਿਣ ਵਾਲਾ ਬੰਦਾ ਸਾਰੇ ਵਿਰਸੇ ਦੀ ਜਾਣ ਪਹਿਚਾਣ ਕਰਾਉਣ ਵਾਰੇ ਅਸਮਰਥ ਰਹੇਗਾ । ਹਰ ਬੰਦੇ ਦੀ ਦ੍ਰਿਸ਼ਟੀ ਵੀ ਵੱਖਰੀ ਵੱਖਰੀ ਹੁੰਦੀ ਹੈ। ਸੱਚ ਤਾਂ ਇਹ ਹੈ ਕਿ ਸਾਨੂੰ  ਤਾਂ ਆਪਣੇ ਵਿਰਸੇ ਦੇ ਮੌਜੂਦਾ ਇਤਿਹਾਸ ਵਾਰੇ ਵੀ ਸਹੀ ਪਤਾ ਨਹੀਂ, ਕਿਉਂਕਿ ਵਿਰਸੇ ਦੀ ਲਿਖਤ ਵਿਚ ਬਹੁਤ ਕੁਝ ਗਲਤ ਲਿਖਿਆ ਪਿਆ ਹੈ । ਕੁਝ ਲੋਕ ਤੁਹਾਡੇ ਵਿਰਸੇ ਦੀ ਨਖੇਧੀ ਕਰਦੇ ਰਹਿੰਦੇ ਹਨ, ਕੁਝ ਅਣਜਾਣ ਹੁੰਦੇ ਹਨ। ਪੱਛਮੀ ਦੇਸਾਂ ਦੇ ਲੋਕ ਸਾਨੂੰ ਭਾਰਤੀ ਜਾਂ ਪਾਕੀ ਕਰਕੇ ਜਾਣਦੇ ਹਨ, ਕਈ ਅਰਬੀ ਖਰਬੀ ਵੀ ਸਮਝ ਜਾਂਦੇ ਹਨ। ਕੱਟੜ ਹਿੰਦੂ,ਸਿੱਖ, ਮੁਸਲਮਾਨ ਪੰਜਾਬੀ ਵਿਰਸੇ ਨੂੰ ਆਪੋ-ਆਪਣੀ ਸੋਚ ਅੰਦਰ ਕੈਦ ਕਰਕੇ ਦੱਸਦੇ ਰਹੇ ਹਨ। ਇਹੀ ਹਾਲ ਸਿਕੰਦਰ ਵੇਲੇ ਵੀ ਹੋਇਆ, ਅੰਗਰੇਜਾਂ ਵੇਲੇ ਵੀ । ਮੇਰਾ ਪੰਜਾਬੀ ਵਿਰਸਾ ਕੀ ਹੈ ? ‘ਬੁੱਲਿਆ ਕੀ ਜਾਣਾ ਮੈਂ ਕੌਣ?’। ਪਰ, ਸਾਡਾ ਸਹੀ ਪੰਜਾਬੀ ਵਿਰਸਾ ਮੈਂਨੂੰ ਮੁੜ ਮੁੜ ਪੁਕਾਰ ਰਿਹਾ ਹੈ, ਕਿ

 

                        “ਅਸਾਂ ਤੇ  ਲੋਕੋ ਮਿਲਕੇ ਰਹਿਣਾ, ਐਧਰ ਵੀ ਤੇ ਓਧਰ ਵੀ

                        ਪਿਆਰ ਮੁਹੱਬਤ ਸਾਡਾ ਗਹਿਣਾ, ਐਧਰ ਵੀ ਤੇ ਓਧਰ ਵੀ। ”    

                                                  (ਕੁਝ ਆਰ ਦੀਆਂ ਕੁਝ ਪਾਰ ਦੀਆਂ’ਵਿੱਚੋਂ, ਲੋਕਗੀਤ ਪ੍ਰਕਾਸ਼ਨ, 2008)

*     *     *     *     *

ਡਮੈਂਟਨ, ਕਨੇਡਾ ਤੋਂ ਅਵਤਾਰ ਗਿੱਲ ਦਾ ਮੈਂ ਧੰਨਵਾਦੀ ਹਾਂ ਜਿਸਨੇ ਮੇਰੀ ਲਿਖਤ ਨੂੰ ਸਮੇਂ ਸਿਰ ਪੜ੍ਹਕੇ ਆਪਣੇ ਸੁਝਾਅ ਸਾਂਝੇ ਕੀਤੇ।     

ਕੁਝ ਸਹਾਇਕ ਪੁਸਤਕਾਂ:

           ਪੰਜਾਬ ਦਾ ਇਤਿਹਾਸ, ਨਰਿੰਦਰਪਾਲ ਸਿੰਘ, ੧੯੬੯

           ਪੰਜਾਬੀ ਸਾਹਿਤ ਦਾ ਇਤਿਹਾਸ, ਡਾ[ ਅਮਰਜੀਤ ਸਿੰਘ  ੨੦੦੧

           ਪੰਜਾਬੀ ਸਾਹਿਤ ਦਾ ਇਤਿਹਾਸ, ਧਰਮ ਸਿੰਘ ਅਤੇ ਹਿਰਦੇਪਾਲ ਸਿੰਘ ਭੋਗਲ ੨੦੦੫ (ਤੀਜੀ ਵਾਰ)

           ਯੁੱਧ-ਨਾਦ,  ਮਨਮੋਹਨ ਬਾਵਾ, ੨੦੦੬(ਦੂਜੀ ਵਾਰ)    

             

   

       

                    

  

                               

       

                    

  

   
   ਜੂਨ 6, 2008      
          
 

ਸਾਡਾ ਪੰਜਾਬੀ ਵਿਰਸਾ!

                                                                     -ਪ੍ਰੇਮ ਮਾਨ

       

ਵਿਰਸਾ ਬਜ਼ੁਰਗਾਂ ਵਲੋਂ ਪੀੜ੍ਹੀ-ਦਰ-ਪੀੜ੍ਹੀ ਦਿੱਤੀਆਂ ਚੀਜ਼ਾਂ ਹਨ। ਇਹ ਚੀਜ਼ਾਂ ਠੋਸ ਅਤੇ ਛੋਹੀਆਂ ਜਾ ਸਕਣ ਵਾਲੀਆਂ (tangible) ਵੀ ਹੋ ਸਕਦੀਆਂ ਹਨ, ਅਤੇ ਇਹ ਚੀਜ਼ਾਂ ਨਾ ਛੋਹੀਆਂ ਜਾਣ ਵਾਲੀਆਂ (intangible) ਵੀ ਹੋ ਸਕਦੀਆਂ ਹਨ। ਠੋਸ ਅਤੇ ਛੋਹੀਆਂ ਜਾ ਸਕਣ ਵਾਲੀਆਂ ਚੀਜ਼ਾਂ ਵਿੱਚ ਜ਼ਮੀਨ ਅਤੇ ਹੋਰ ਜਾਇਦਾਦ ਆ ਜਾਂਦੀ ਹੈ। ਨਾ ਛੋਹੀਆਂ ਜਾ ਸਕਣ ਵਾਲੀਆਂ ਚੀਜ਼ਾਂ ਵਿੱਚ ਸਾਡੇ ਸੁਭਾਅ ਵਗੈਰਾ ਆ ਜਾਂਦੇ ਹਨ।

              

               ਵਿਰਸਾ ਨਿੱਜੀ ਵੀ ਹੋ ਸਕਦਾ ਹੈ, ਪਰਿਵਾਰਕ ਵੀ, ਅਤੇ ਸਮਾਜਿਕ ਵੀ। ਅਸੀਂ ਆਮ ਤੌਰ ਤੇ ਵਿਰਸੇ ਦੀ ਗੱਲ ਕਰਦਿਆਂ ਠੋਸ ਪਦਾਰਥਾਂ ਦੀ ਗੱਲ ਹੀ ਕਰਦੇ ਹਾਂ ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਵਰਣਨ ਡਾ. ਘਣਗਸ ਜੀ ਨੇ ਆਪਣੇ ਲੇਖ ਵਿੱਚ ਕੀਤਾ ਹੈ। ਇਨ੍ਹਾਂ ਠੋਸ ਚੀਜ਼ਾਂ ਵਿੱਚ ਵਡੇਰਿਆਂ ਤੋਂ ਬੱਚਿਆਂ ਨੂੰ ਮਿਲੀ ਜ਼ਮੀਨ, ਘਰ, ਕਪੜੇ, ਪਸ਼ੂ, ਗਹਿਣੇ, ਆਦਿ ਤੋਂ ਬਿਨ੍ਹਾਂ ਹੋਰ ਬਹੁਤ ਸਾਰੇ ਪਦਾਰਥ ਹੋ ਸਕਦੇ ਹਨ ਜਿਵੇਂ ਦੁਕਾਨ, ਬਿਜ਼ਨਸ, ਸਾਈਕਲ, ਕਾਰ, ਰੇਡੀਓ, ਟੀ.ਵੀ., ਕੈਮਰਾ ਆਦਿ ਆਦਿ। ਪਰ ਇਨ੍ਹਾਂ ਠੋਸ ਪਦਾਰਥਾਂ ਤੋਂ ਬਿਨ੍ਹਾਂ ਇਨਸਾਨ ਨੂੰ ਹੋਰ ਬਹੁਤ ਕੁਝ ਵਡੇਰਿਆਂ ਵਲੋਂ ਵਿਰਾਸਤ ਵਿੱਚ ਮਿਲਦਾ ਹੈ ਜਿਨ੍ਹਾਂ ਵਿੱਚੋਂ ਕੁਝ ਨੂੰ ਅਸੀਂ ਦੇਖ ਜਾਂ ਛੋਹ ਨਹੀਂ ਸਕਦੇ। ਕੁਝ ਨੂੰ ਦੇਖ ਜਾਂ ਮਹਿਸੂਸ ਕਰ ਸਕਦੇ ਹਾਂ ਪਰ ਛੋਹ ਨਹੀਂ ਸਕਦੇ। ਸਾਨੂੰ ਆਪਣੇ ਵਡੇਰਿਆਂ ਵਲੋਂ ਸੁਭਾਅ, ਆਦਤਾਂ, ਤੰਦਰੁਸਤੀ ਜਾਂ ਬਿਮਾਰੀਆਂ ਦੇ ਜੀਨ (gene), ਮਾਣ-ਇੱਜ਼ਤ, ਆਦਿ ਆਦਿ ਵਿਰਸੇ ਵਿੱਚ ਮਿਲਦੇ ਹਨ। ਡਾ. ਘਣਗਸ ਜੀ ਨੇ ਸ਼ਕਲਾਂ ਦਾ ਜ਼ਿਕਰ ਤਾਂ ਕਰ ਹੀ ਦਿੱਤਾ ਹੈ। ਬਹੁਤੀ ਵਾਰੀ ਬੱਚਿਆਂ ਦੇ ਸੁਭਾਅ ਬਿਲਕੁਲ ਓਹੋ ਜਿਹੇ ਬਣ ਜਾਂਦੇ ਹਨ ਜਿਸ ਤਰ੍ਹਾਂ ਦੇ ਸੁਭਾਅ ਮਾਂ-ਪਿਓ ਜਾਂ ਘਰ ਵਿੱਚ ਰਹਿੰਦੇ ਹੋਰ ਵੱਡਿਆਂ ਮੈਂਬਰਾਂ ਦੇ ਹੋਣ। ਰੋਜ਼ਾਨਾ ਮਾਂ ਪਿਓ ਅਤੇ ਹੋਰ ਵਡੇਰਿਆਂ ਦੇ ਵਿਵਹਾਰਾਂ ਨੂੰ ਦੇਖ ਕੇ ਬੱਚੇ ਵੀ ਬਹੁਤ ਵਾਰੀ ਉਸੇ ਤਰ੍ਹਾਂ ਦਾ ਵਿਵਹਾਰ ਕਰਨ ਲੱਗ ਪੈਂਦੇ ਹਨ। ਜੇ ਮਾਂ ਪਿਓ ਬਹੁਤ ਹੀ ਚੰਗੇ ਸੁਭਾਅ ਦੇ ਹੋਣ, ਦੂਜਿਆਂ ਨਾਲ ਹਮਦਰਦੀ ਕਰਨ ਵਾਲੇ ਹੋਣ, ਦੂਜਿਆਂ ਦੀ ਮਦਦ ਕਰਨ ਵਾਲੇ ਹੋਣ, ਦੂਜਿਆਂ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਲੇ ਹੋਣ, ਨਿਮਰਤਾ ਵਾਲੇ ਹੋਣ, ਹਸਮੁਖ ਹੋਣ, ਤਾਂ ਆਮ ਤੌਰ ਤੇ ਬੱਚਿਆਂ ਵਿੱਚ ਵੀ ਇਹ ਗੁਣ ਆ ਜਾਂਦੇ ਹਨ। ਪਰ ਜੇ ਮਾਂ ਪਿਓ ਗੁੱਸੇ, ਕਰੋਧ, ਹੰਕਾਰ, ਅਤੇ ਈਰਖਾ ਨਾਲ ਭਰੇ ਹੋਣ ਤਾਂ ਬਹੁਤੀ ਵਾਰੀ ਬੱਚਿਆਂ ਵਿੱਚ ਵੀ ਇਹ ਔਗੁਣ ਆ ਜਾਂਦੇ ਹਨ। ਕਈ ਵਾਰੀ ਜੇ ਪਿਓ ਅਮਲੀ ਜਾਂ ਸ਼ਰਾਬੀ ਹੋਵੇ ਤਾਂ ਪੁੱਤਰਾਂ ਵਿੱਚ ਵੀ ਇਹ ਔਗੁਣ ਆ ਜਾਂਦਾ ਹੈ। ਜਾਂ ਜੇ ਮਾਂ ਪਿਓ ਵਿੱਚ ਕੋਈ ਹੋਰ ਔਗੁਣ ਹੋਵੇ ਤਾਂ ਬਹੁਤੀ ਵਾਰੀ ਉਹ ਔਗੁਣ ਬੱਚੇ ਵੀ ਅਪਣਾ ਲੈਂਦੇ ਹਨ। ਪਰ ਕਈ ਵਾਰੀ ਮਾਂ ਪਿਓ ਦੇ ਮਾੜੇ ਕੰਮ ਦੇਖ ਕੇ ਬੱਚੇ ਮਾੜੀਆਂ ਆਦਤਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਵੀ ਕਰਦੇ ਹਨ। ਮੁਕਦੀ ਗੱਲ ਇਹ ਕਿ ਬੱਚਿਆਂ ਦੇ ਸੁਭਾਅ ਖੂਨ ਦੇ ਰਿਸ਼ਤੇ ਰਾਹੀਂ ਜਾਂ ਮਾਂ ਪਿਓ ਵਲ ਵੇਖ ਕੇ ਇਕ ਰੂਪ ਧਾਰਨ ਕਰ ਲੈਂਦੇ ਹਨ। ਵੇਸੇ ਕੁਝ ਸੁਭਾਅ ਅਤੇ ਆਦਤਾਂ ਸਮਾਜ ਵਲ ਦੇਖ ਕੇ ਵੀ ਅਪਣਾ ਲਏ ਜਾਂਦੇ ਹਨ। ਜਿਵੇਂ ਕਿ ਬਹੁਤੇ ਪੰਜਾਬੀਆਂ ਦੀਆਂ ਕਈ ਆਦਤਾਂ ਅਤੇ ਸੁਭਾਅ ਲੱਗ ਭਗ ਇਕੋ ਜਿਹੇ ਹਨ। ਇਸ ਤਰ੍ਹਾਂ ਸਾਨੂੰ ਬਹੁਤ ਸਾਰੀਆਂ ਚੰਗੀਆਂ ਅਤੇ ਮੰਦੀਆਂ ਆਦਤਾਂ ਵਿਰਸੇ ਵਿੱਚ ਮਿਲਦੀਆਂ ਹਨ।

               

               ਕਈ ਵਾਰੀ ਸਾਨੂੰ ਕੋਈ ਕਲਾ ਜਾਂ ਕਿੱਤਾ ਵੀ ਵਿਰਸੇ ਵਿੱਚ ਮਿਲਦਾ ਹੈ। ਜਿਵੇਂ ਕਿ ਜੇ ਘਰ ਵਿੱਚ ਕੋਈ ਮੈਂਬਰ ਦਾਦਾ, ਦਾਦੀ, ਮਾਂ, ਪਿਓ, ਵੱਡਾ ਭਰਾ ਜਾਂ ਭੈਣ ਆਦਿ ਚਿਤਰਕਾਰ ਹੋਵੇ ਤਾਂ ਇਸਦਾ ਅਸਰ ਸਾਡੇ ਤੇ ਪੈ ਸਕਦਾ ਹੈ ਅਤੇ ਅਸੀਂ ਵੀ ਚਿਤਰਕਾਰੀ ਵਿੱਚ ਦਿਲਚਸਪੀ ਲੈਣ ਲੱਗ ਸਕਦੇ ਹਾਂ। ਜੇ ਘਰ ਵਿੱਚ ਕੋਈ ਮੈਂਬਰ ਸਾਹਿਤਕਾਰ ਹੋਵੇ ਤਾਂ ਸਾਡੇ ਤੇ ਇਸਦਾ ਅਸਰ ਪੈ ਸਕਦਾ ਹੈ। ਕੁਝ ਦਹਾਕੇ ਪਹਿਲਾਂ ਤੱਕ ਬੱਚਿਆਂ ਨੂੰ ਆਰਥਿਕ ਕਿੱਤੇ ਅਤੇ ਨੌਕਰੀਆਂ ਵੀ ਜਾਤਾਂ ਦੇ ਅਧਾਰ ਤੇ ਮਾਂ ਪਿਓ ਵਲੋਂ ਹੀ ਵਿਰਸੇ ਵਿੱਚ ਮਿਲਦੀਆਂ ਸਨ। ਚੰਗੀ ਗੱਲ ਇਹ ਹੈ ਕਿ ਕਿੱਤਿਆਂ ਅਤੇ ਨੌਕਰੀਆਂ ਦੀ ਪ੍ਰਾਪਤੀ ਵਿਰਸੇ ਵਿੱਚ ਜਾਤਾਂ ਦੇ ਅਧਾਰ ਤੇ ਮਿਲਣੀ ਹੌਲੀ ਹੌਲੀ ਖ਼ਤਮ ਹੋ ਰਹੀ ਹੈ।

               

               ਸ਼ਾਇਦ ਸਭ ਤੋਂ ਵੱਡੀ ਚੀਜ਼ ਜੋ ਪੰਜਾਬੀਆਂ ਨੂੰ ਵਿਰਸੇ ਵਿੱਚ ਮਿਲੀ ਹੈ ਉਹ ਹੈ ਪੰਜਾਬੀ ਬੋਲੀ। ਬੋਲੀ ਤੋਂ ਵਧ ਕੇ ਵਿਰਸੇ ਵਿੱਚ ਮਿਲੀ ਹੋਰ ਕੋਈ ਵੀ ਚੀਜ਼ ਜ਼ਿਆਦਾ ਮਹੱਤਤਾ ਵਾਲੀ ਨਹੀਂ ਹੋ ਸਕਦੀ। ਸਭ ਤੋਂ ਖ਼ੂਬਸੂਰਤ ਤਾਂ ਕਹਿਣਾ ਵੀ ਨਹੀਂ ਚਾਹੀਦਾ ਅਤੇ ਕਹਿ ਵੀ ਨਹੀਂ ਸਕਦੇ ਜਦੋਂ ਤੱਕ ਅਸੀਂ ਸਾਰੀਆਂ ਬੋਲੀਆਂ ਨੂੰ ਨਾ ਜਾਣਦੇ ਹੋਈਏ ਪਰ ਇੰਨਾਂ ਮੈਂ ਜ਼ਰੂਰ ਕਹਿ ਸਕਦਾ ਹਾਂ ਕਿ ਪੰਜਾਬੀ ਬੋਲੀ ਇਕ ਖ਼ੂਬਸੂਰਤ ਬੋਲੀ ਹੈ ਅਤੇ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ।

               

               ਦੂਸਰੀ ਚੀਜ਼ ਜੋ ਸਾਨੂੰ ਪੰਜਾਬੀਆਂ ਨੂੰ ਵਿਰਸੇ ਵਿੱਚ ਮਿਲੀ ਹੈ ਉਹ ਹੈ ਕਈ ਧਰਮਾਂ ਦੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਨਾਲ ਰਲ ਮਿਲ ਕੇ ਇਕੱਠੇ ਰਹਿਣਾ। ਦੁਨੀਆਂ ਵਿੱਚ ਬਹੁਤ ਘੱਟ ਮੁਲਕ ਹਨ ਜਿੱਥੇ ਕਈ ਧਰਮਾਂ ਦੇ ਲੋਕ ਸਦੀਆਂ ਲਈ ਇਕ ਦੂਜੇ ਨਾਲ ਇੰਨੇ ਪਿਆਰ ਅਤੇ ਸਤਿਕਾਰ ਨਾਲ ਵਸਦੇ ਰਹੇ ਹੋਣ। ਬਹੁਤੇ ਮੁਲਕਾਂ ਵਿੱਚ ਸਿਰਫ਼ ਇਕੋ ਧਰਮ ਦੇ ਲੋਕ ਵਸਦੇ ਰਹੇ ਹਨ। ਹੁਣ ਪਿਛਲੇ ਥੋੜੇ ਦਹਾਕਿਆਂ ਵਿੱਚ ਮੁਲਕਾਂ ਵਿਚਾਲੇ ਆਵਾਜਾਈ ਅਤੇ ਪ੍ਰਵਾਸ ਵਧਣ ਨਾਲ ਬਹੁਤ ਸਾਰੇ ਮੁਲਕਾਂ ਵਿੱਚ ਕਈ ਕਈ ਧਰਮਾਂ ਦੇ ਲੋਕ ਵਸਣ ਲੱਗੇ ਹਨ। ਸਾਨੂੰ ਪੰਜਾਬੀਆਂ ਨੂੰ ਇਹ ਗਿਆਨ ਵਿਰਸੇ ਵਿੱਚ ਮਿਲਿਆ ਹੈ ਕਿ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਬੁੱਧ, ਜੈਨ ਆਦਿ ਧਰਮ ਕੀ ਹਨ ਅਤੇ ਇਨ੍ਹਾਂ ਧਰਮਾਂ ਵਿੱਚ ਯਕੀਨ ਰੱਖਣ ਵਾਲੇ ਇਨਸਾਨ ਕੌਣ ਹਨ। ਬਹੁਤੇ ਪੰਜਾਬੀ ਸਭ ਧਰਮਾਂ ਦੇ ਇਨਸਾਨਾਂ ਨੂੰ ਪਿਆਰ ਕਰਦੇ ਹਨ, ਇਕ ਦੂਜੇ ਦਾ ਸਤਿਕਾਰ ਕਰਦੇ ਹਨ, ਅਤੇ ਰਲ ਮਿਲ ਕੇ ਰਹਿੰਦੇ ਹਨ। ਭਾਵੇਂ ਥੋੜੇ ਬਹੁਤ ਪੰਜਾਬੀ ਕੱਟੜ ਵੀ ਹਨ ਜੋ ਦੂਜੇ ਧਰਮਾਂ ਦੇ ਲੋਕਾਂ ਨੂੰ ਪਸੰਦ ਨਹੀਂ ਕਰਦੇ।

               

               ਅਗਲੀ ਵਡਮੁੱਲੀ ਚੀਜ਼ ਜੋ ਸਾਨੂੰ ਪੰਜਾਬੀਆਂ ਨੂੰ ਵਿਰਸੇ ਵਿੱਚ ਮਿਲੀ ਹੈ ਉਹ ਹੈ ਗੁਰੂ ਗਰੰਥ ਸਾਹਿਬ। ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਕਿ ਮੈਂ ਸਿੱਖ ਹਾਂ ਸਗੋਂ ਇਸ ਲਈ ਕਹਿ ਰਿਹਾ ਹਾਂ ਕਿ ਸਭ ਧਰਮਾਂ ਦੇ ਗਰੰਥਾਂ ਵਾਂਗ ਗੁਰੂ ਗਰੰਥ ਸਾਹਿਬ ਵੀ ਅਮੁੱਲੇ ਵਿਚਾਰਾਂ, ਨਸੀਹਤਾਂ, ਅਤੇ ਜਿੰਦਗੀ ਜੀਵਣ ਦੇ ਅਸੂਲਾਂ ਨਾਲ ਭਰਿਆ ਪਿਆ ਹੈ। ਸਾਡਾ ਵਿਰਸਾ ਹੈ ''ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।" ਸਾਡਾ ਵਿਰਸਾ ਹੈ ''ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।" ਸਾਡਾ ਵਿਰਸਾ ਹੈ ''ਪਾਪਾ ਵਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।" ਸਾਡਾ ਵਿਰਸਾ ਹੈ ''ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।" ਸਾਡਾ ਵਿਰਸਾ ਹੈ ''ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।" ਸਾਡਾ ਵਿਰਸਾ ਹੈ ''ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ।" ਸਾਡਾ ਵਿਰਸਾ ਹੈ ''ਵੰਡ ਛਕਣਾ" ਅਤੇ ''ਸਰਬੱਤ ਦਾ  ਭਲਾ" ਮੰਗਣਾ। ਅਸੀਂ ਇਸ ਵਿਰਸੇ ਨੂੰ ਕਿੰਨਾ ਕੁ ਕਾਇਮ ਰੱਖ ਰਹੇ ਹਾਂ? ਇਸ ਬਾਰੇ ਸਾਨੂੰ ਸਭ ਨੂੰ ਹੀ ਪਤਾ ਹੈ।

               

               ਸਾਡਾ ਵਿਰਸਾ ਹਨ ਉਹ ਗੁਰੁ ਜਿਨ੍ਹਾਂ ਨੇ ਬਿਨ੍ਹਾਂ ਕਿਸੇ ਧਾਰਮਿਕ ਪੱਖ-ਪਾਤ ਅਤੇ ਭੇਦ-ਭਾਵ ਦੇ ਮਰਦਾਨੇ ਨੂੰ ਆਪਣਾ ਸਾਥੀ ਬਣਾਇਆ ਅਤੇ ਇਕ ਮੁਸਲਮਾਨ ਪੀਰ ਮੀਆਂ ਮੀਰ ਤੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ। ਸਾਡਾ ਵਿਰਸਾ ਹਨ ਉਹ ਗੁਰੁ ਜਿਨ੍ਹਾਂ ਨੇ ਬਿਨ੍ਹਾਂ ਕਿਸੇ ਭੇਦ ਭਾਵ ਦੇ ਸ੍ਰੀ ਗੁਰੁ ਗਰੰਥ ਸਾਹਿਬ ਵਿੱਚ ਹਿੰਦੂ ਅਤੇ ਮੁਸਲਮਾਨ ਭਗਤਾਂ ਅਤੇ ਦਰਵੇਸ਼ਾਂ ਦੀ ਬਾਣੀ ਸ਼ਾਮਲ ਕੀਤੀ। ਸਾਡਾ ਵਿਰਸਾ ਹਨ ਚਾਰ ਸਾਹਿਬਜ਼ਾਦੇ। ਸਾਡਾ ਵਿਰਸਾ ਹੈ ਗੁਰੂ ਤੇਗ ਬਹਾਦਰ ਦੀ ਸ਼ਹੀਦੀ। ਸਾਡਾ ਵਿਰਸਾ ਹੈ ਭਾਈ ਘਨਈਆ ਜੀ। ਸਾਡਾ ਵਿਰਸਾ ਹੈ ਜਲਿਆਂ ਵਾਲਾ ਬਾਗ। ਸਾਡਾ ਵਿਰਸਾ ਹੈ ਭਗਤ ਪੂਰਨ ਸਿੰਘ। ਸਾਡਾ ਵਿਰਸਾ ਹਨ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਅਤੇ ਕਰਤਾਰ ਸਿੰਘ ਸਰਾਭਾ। ਸਾਡਾ ਵਿਰਸਾ ਹੈ ਮਹਾਰਾਜਾ ਰਣਜੀਤ ਸਿੰਘ ਅਤੇ ਉਸਦਾ ਇਨਸਾਫ਼ ਪਸੰਦ ਰਾਜ ਜਿਸ ਵਿੱਚ ਸਭ ਧਰਮਾਂ ਦੇ ਲੋਕਾਂ ਨਾਲ ਇਕੋ ਜਿਹਾ ਵਿਵਹਾਰ ਕੀਤਾ ਜਾਂਦਾ ਸੀ। ਸਾਡਾ ਵਿਰਸਾ ਹਨ ਹਰੀ ਸਿੰਘ ਨਲੂਏ ਵਰਗੇ ਜਰਨੈਲ। ਕਾਸ਼ ਅਸੀਂ ਗੁਰਪੁਰਬ ਅਤੇ ਸ਼ਹੀਦਾਂ ਦੇ ਸ਼ਹੀਦੀ ਦਿਨ ਮਨਾਉਣ ਦੇ ਨਾਲ ਨਾਲ ਉਨ੍ਹਾਂ ਦੇ ਵਿਚਾਰਾਂ ਅਤੇ ਅਸੂਲਾਂ ਤੇ ਵੀ ਚਲ ਸਕੀਏ।

               

               ਸਾਡਾ ਵਿਰਸਾ ਹੈ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਅਤੇ ਸੁਲਤਾਨ ਬਾਹੂ ਦਾ ਸੂਫ਼ੀ ਕਲਾਮ। ਬੁੱਲੇ ਸ਼ਾਹ ਅਤੇ ਸ਼ਾਹ ਹੁਸੈਨ ਦੇ ਕਲਾਮ ਵਰਗਾ ਸੂਫ਼ੀ ਸਾਹਿਤ ਸ਼ਾਇਦ ਮੁੜ ਕੇ ਕਦੇ ਵੀ ਨਾ ਰਚਿਆ ਜਾ ਸਕੇ। ਕੀ ਕਹਿਣੇ ਹਨ ਬੁੱਲ੍ਹੇ ਸ਼ਾਹ ਦੇ ਕਲਾਮ ਦੇ - ਬੁੱਲ੍ਹਾ ਕੀ ਜਾਣਾ ਮੈਂ ਕੌਣ; ਜਾਂ ਬਹੁੜੀਂ ਵੇ ਤਬੀਬਾ ਮੈਂਡੀ ਖਬਰ ਗਈਆ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ; ਜਾਂ ਬਸ ਕਰ ਜੀ ਹੁਣ ਬਸ ਕਰ ਜੀ, ਇਕ ਬਾਤ ਅਸਾਂ ਨਾਲ ਹੱਸ ਕਰ ਜੀ। ਸ਼ਾਹ ਹੁਸੈਨ ਦਾ ਕਲਾਮ ਤਾਂ ਮਸਤ ਕਰਨ ਵਾਲਾ ਹੈ - ਰੱਬਾ ਮੇਰੇ ਹਾਲ ਦਾ ਮਹਿਰਮੁ ਤੂੰ; ਜਾਂ ਚਰਖਾ ਮੇਰਾ ਰੰਗਲੜਾ ਰੰਗ ਲਾਲੁ; ਜਾਂ ਮੇਰੇ ਸਾਹਿਬਾ ਮੈਂ ਤੇਰੀ ਹੋ ਮੁਕੀਆਂ; ਜਾਂ ਇਕਿ ਦਿਨ ਤੈਨੂੰ ਸੁਪਨਾ ਥੀਸਨਿ; ਜਾਂ ਸਜਣ ਦੇ ਹਥ ਬਾਂਹਿ ਅਸਾਡੀ; ਜਾਂ ਨੀ ਸਈਓ ਅਸੀਂ ਨੈਣਾਂ ਦੇ ਆਖੇ ਲੱਗੇ; ਜਾਂ ਘੁੰਮ ਚਰਖੜਿਆ ਵੇ ਤੇਰੀ ਕੱਤਣ ਵਾਲੀ ਜੀਵੇ; ਜਾਂ ਮੈਂ ਭੀ ਝੋਕ ਰਾਂਝਣ ਦੀ ਜਾਣਾ ਨਾਲਿ ਮੇਰੇ ਕੋਈ ਚੱਲੇ; ਜਾਂ ਪਿਆਰੇ ਬਿਨ ਰਾਤੀਂ ਹੋਈਆਂ ਵੱਡੀਆਂ। ਇਹੋ ਜਿਹਾ ਖ਼ੂਬਸੂਰਤ ਇੰਨਾ ਪੁਰਾਣਾ ਕਲਾਮ ਕਿੰਨੀਆਂ ਕੁ ਜੁਬਾਨਾਂ ਵਿੱਚ ਮਿਲੇਗਾ?

               

               ਸਾਡਾ ਵਿਰਸਾ ਹੈ ਹੀਰ-ਰਾਂਝੇ ਦਾ ਇਸ਼ਕ, ਸੋਹਣੀ ਦਾ ਝਨਾਂ ਵਿੱਚ ਡੁੱਬਣਾ, ਸੱਸੀ ਦਾ ਥਲਾਂ ਵਿੱਚ ਸੜਕੇ ਮਰ ਜਾਣਾ, ਮਿਰਜ਼ੇ ਦਾ ਸਾਹਿਬਾਂ ਦੇ ਭਰਾਵਾਂ ਹੱਥੋਂ ਮਾਰਿਆ ਜਾਣਾ। ਸਾਡਾ ਵਿਰਸਾ ਹੈ ਵਾਰਿਸ ਸ਼ਾਹ ਦੀ ਹੀਰ। ਜਿੰਨੀ ਵਾਰੀ ਮਰਜ਼ੀ ਇਸਨੂੰ ਪੜ੍ਹ ਲਓ ਤੁਸੀਂ ਕਦੇ ਨਹੀਂ ਅੱਕਦੇ। ਇੰਨੀ ਸੋਹਣੀ ਸ਼ਬਦਾਵਲੀ, ਇੰਨੀਆਂ ਯਥਾਰਥ ਭਰੀਆਂ ਗੱਲਾਂ ਇੰਨੇ ਸੌ ਸਾਲ ਪਹਿਲਾਂ ਲਿਖੀਆਂ ਕਿੰਨੀਆਂ ਕੁ ਜੁਬਾਨਾਂ ਵਿੱਚ ਮਿਲਣਗੀਆਂ? ਸਾਡਾ ਵਿਰਸਾ ਹੈ ਹਾਸ਼ਮ ਦੀ ਸੱਸੀ, ਪੀਲੂ ਦਾ ਮਿਰਜ਼ਾ-ਸਾਹਿਬਾਂ, ਕਾਦਰਯਾਰ ਦੀ ਸੋਹਣੀ, ਸ਼ਾਹ ਮੁਹੰਮਦ ਦੀਆਂ ਵਾਰਾਂ। ''ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।" ਕਿੰਨੀਆਂ ਖ਼ੂਬਸੂਰਤ ਹਨ ਇਹ ਸਤਰਾਂ! ਜੇ ਪਿਛਲੇ ਕੁਝ ਦਹਾਕਿਆਂ ਦੇ ਪੰਜਾਬੀ ਸਾਹਿਤ ਵਲ ਝਾਤੀ ਮਾਰੀਏ ਤਾਂ ਸਾਡਾ ਵਿਰਸਾ ਹਨ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਣ ਸਿੰਘ, ਨਾਨਕ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਸ਼ਿਵ ਕੁਮਾਰ, ਨੰਦ ਲਾਲ ਨੂਰਪੁਰੀ ਅਤੇ ਕਈ ਹੋਰ ਨਾਮਵਰ ਲੇਖਕ। ਅਸੀਂ ਇਸ ਸਾਹਿਤਕ ਵਿਰਸੇ ਨੂੰ ਕਿਵੇਂ ਸੰਭਾਲਣਾ ਹੈ, ਇਹ ਸਾਡੇ ਤੇ ਨਿਰਭਰ ਹੈ।

               

               ਗੀਤ-ਸੰਗੀਤ ਦੇ ਖੇਤਰ ਵਿੱਚ ਸਾਡਾ ਵਿਰਸਾ ਹਨ ਸੁਰਿੰਦਰ ਕੌਰ-ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਯਮ੍ਹਲਾ, ਨੁਸਰਤ, ਸ਼ਮਸ਼ਾਦ ਬੇਗਮ, ਅਬੀਦਾ ਪ੍ਰਵੀਨ, ਅਤੇ ਹੋਰ ਬਹੁਤ ਸਾਰੇ ਗਾਇਕ। ਸਾਡਾ ਵਿਰਸਾ ਹਨ ਬੋਲੀਆਂ, ਸਿੱਠਣੀਆਂ, ਭੰਗੜਾ, ਗਿੱਧਾ, ਠੁਮਰੀ। ਸਾਨੂੰ ਵਿਰਸੇ ਵਿੱਚ ਮਿਲੇ ਹਨ ਪੰਜਾਬੀ ਮੇਲੇ ਅਤੇ  ਤ੍ਰਿੰਜਣ। ਅਸੀਂ ਇਸ ਵਿਰਸੇ ਤੋਂ ਕੀ ਸਿੱਖਣਾ ਹੈ, ਇਸਨੂੰ ਅੱਗੇ ਕਿੱਥੇ ਲੈ ਕੇ ਜਾਣਾ ਹੈ, ਅਤੇ ਇਸਨੂੰ ਕਿਵੇਂ ਬਰਕਰਾਰ ਰੱਖਣਾ ਹੈ, ਇਹ ਸਭ ਸਾਨੂੰ ਹੀ ਸੋਚਣਾ ਪਵੇਗਾ।

               

               ਸਾਡਾ ਵਿਰਸਾ ਸੀ ਸਚਾਈ, ਈਮਾਨਦਾਰੀ, ਦਸਾਂ ਨੌਹਾਂ ਦੀ ਕਿਰਤ ਕਰ ਕੇ ਖਾਣਾ, ਨਿਮਰਤਾ, ਦੂਜਿਆਂ ਦੀ ਮਦਦ ਕਰਨੀ, ਰੱਬ ਦਾ ਸ਼ੁਕਰ ਮਨਾਉਣਾ। ਪਰ ਇਹ ਸਭ ਹੌਲੀ ਹੌਲੀ ਖ਼ਤਮ ਹੋ ਰਿਹਾ ਹੈ। ਸਾਡਾ ਨਵਾਂ ਵਿਰਸਾ ਕੀ ਬਣ ਰਿਹਾ ਹੈ? ਪੰਜਾਬੀ ਭਵਿੱਖ ਦੀਆਂ ਪੀੜੀਆਂ ਲਈ ਅੱਜ ਕੱਲ ਅਸੀਂ ਕਿਹੜਾ ਵਿਰਸਾ ਛੱਡ ਰਹੇ ਹਨ? ਅੱਜ ਕੱਲ ਪੈਸਾ ਹੀ ਪ੍ਰਧਾਨ ਹੋ ਰਿਹਾ ਹੈ। ਪੈਸੇ ਦੀ ਮਹੱਤਤਾ ਨਾਲ ਪੈਸੇ ਨੂੰ ਗਲਤ ਤਰੀਕਿਆਂ ਨਾਲ ਕਮਾਉਣ ਦੇ ਤਰੀਕੇ ਸਾਡੇ ਪੰਜਾਬੀਆਂ ਦੇ ਭਵਿੱਖ ਦਾ ਵਿਰਸਾ ਬਣ ਰਹੇ ਹਨ। ਭਵਿੱਖ ਕੀ ਹੋਵੇਗਾ? ਕੋਈ ਪਤਾ ਨਹੀਂ।

             

   

       

                    

  

                               

       

                    

  

   
   ਜੂਨ 10, 2008      
          
 

ਸਾਡਾ ਪੰਜਾਬੀ ਵਿਰਸਾ!

                                                   -ਬਰਜਿੰਦਰ ਕੌਰ ਢਿੱਲੋਂ

               

ਕਈ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਜ਼ਮੀਨ ਜਾਇਦਾਦ ਵਿਰਸੇ ਵਿੱਚ ਮਿਲੀ ਸੀ। ਆਮ ਤੌਰ ਤੇ ਇਸ ਤਰ੍ਹਾਂ ਦਾ ਵਿਰਸਾ ਦੇਸ਼ ਵਿੱਚ ਪਰਵਾਰ ਦੇ ਪੁਤ੍ਰਾਂ ਨੂੰ ਹੀ ਮਿਲਦਾ ਹੈ। ਬੇਸ਼ਕ ਦੇਸ਼ ਵਿੱਚ ਕਨੂੰਨ ਬਣੇ ਹਨ ਕਿ ਲੜਕੀਆਂ ਵੀ ਬਰਾਬਰ ਦੀਆਂ ਹੱਕਦਾਰ ਹਨ, ਪਰ ਲੜਕੀਆਂ ਨੂੰ ਮਿਲਦੇ ਹਨ ਚਾਰ ਗਹਿਣੇ ਤੇ ਕੁਝ ਕੱਪੜੇ। ਜੇ ਵਿਆਹ ਤੋਂ ਬਾਅਦ ਲੜਕੀ ਆਪਣੇ ਪੇਕਿਆਂ ਤੋਂ ਕੁਝ ਮੰਗਦੀ ਹੈ ਤਾਂ ਭਰਾ ਭਰਜਾਈਆਂ ਦੇ ਮੱਥਿਆਂ ਤੇ ਪੈ ਜਾਂਦੇ ਨੇ ਸੌ ਸੌ ਵੱਟ। 

               

               ਕਨੂੰਨ ਤੋੜਨਾ ਅਤੇ ਰਿਸ਼ਵਤਖ਼ੋਰੀ ਵੀ ਕਈ ਹਿੰਦੁਸਤਾਨੀਆਂ ਨੂੰ ਵਿਰਸੇ ਵਿੱਚ ਮਿਲੀ ਹੈ। ਜਿੰਨੀ ਉੱਚੀ ਕਿਸੇ ਦੀ ਪਦਵੀ ਹੈ ਉਤਨਾ ਹੀ ਜ਼ਿਆਦਾ ਕਨੂੰਨ ਦਾ ਉਲੰਘਣ ਕਰਨਾ ਉਹ ਆਪਣਾ ਹੱਕ ਸਮਝਦਾ ਹੈ ਕਿਉਂਕਿ ਅਧਿਕਾਰੀਆਂ ਦੀ ਮੁੱਠੀ ਗਰਮ ਕਰ ਦਿਉ ਤਾਂ ਪੇਪਰਾਂ ਤੇ ਜੋ ਮਰਜ਼ੀ ਲਿਖਵਾ ਲਵੋ।

               

               ਬਿਮਾਰੀਆਂ ਵੀ ਇਨਸਾਨ ਨੂੰ ਵਿਰਸੇ ਵਿੱਚ ਮਿਲ ਸਕਦੀਆਂ ਹਨ। ਮੇਰੇ ਪਰਵਾਰ ਵਿੱਚ ਮੇਰੇ ਪਰਵਾਰ ਨੂੰ ਵਿਰਸੇ ਵਿੱਚ ਮਿਲਿਆ ਹੈ ਦਿਲ ਦਾ ਅਤੇ ਸ਼ੂਗਰ ਦਾ ਰੋਗ।  ਮੇਰੇ ਬਾਪ ਦੇ ਪੰਜ ਭਰਾ ਤੇ ਚਾਰ ਭੈਣਾਂ ਸਨ। ਉਹ ਸਾਰੇ ਭੈਣ ਭਰਾ ਦਿਲ ਦੇ ਦੌਰੇ ਨਾਲ ਜਾਂ ਸ਼ੂਗਰ ਦੇ ਰੋਗ ਨਾਲ ਪੂਰੇ ਹੋਏ ਸਨ। ਅੱਗੋਂ ਮੇਰੇ ਦੋਹਾਂ ਭਰਾਵਾਂ ਨੂੰ ਵੀ ਇਹ ਦੋਨੋਂ ਰੋਗ ਚਿਪਕੇ ਹੋਏ ਹਨ। ਮੈ ਜਦੋਂ ਵੀ ਡਾਕਟਰ ਕੋਲ ਜਾਂਦੀ ਹਾਂ ਤਾਂ ਡਾਕਟਰ ਹਮੇਸ਼ਾ ਕਹਿੰਦਾ ਹੈ, ''ਬਰਜਿੰਦਰ, ਕਿਉਂਕਿ ਤੇਰੇ ਪਰਵਾਰ ਵਿੱਚ ਇਹ ਰੋਗ ਸਨ ਇਸ ਲਈ ਤੈਨੂੰ ਵੀ ਇਹ ਰੋਗ ਹੋਣ ਦੇ ਆਸਾਰ ਹੋ ਸਕਦੇ ਹਨ। ਹਾਲੇ ਤੱਕ ਤਾਂ ਮੈ ਠੀਕ ਹਾਂ ਪਰ ਪਤਾ ਨਹੀਂ ਕਿਸ ਵੇਲੇ ਇਹ ਵਿਰਸੇ ਵਿੱਚ ਲਿਖੀ ਹੋਈ ਬਿਮਾਰੀ ਮੈਨੂੰ ਲੱਗ ਜਾਵੇ। ਮੈਨੂੰ ਆਪਣੇ ਖਾਣ ਪੀਣ ਦਾ ਪੂਰਾ ਖਿਆਲ ਰੱਖਣਾ ਪੈਂਦਾ ਹੈ।

               

               ਸ਼ਕਲ ਸੂਰਤ ਦਾ ਭੈਣ ਭਰਾਵਾਂ ਨਾਲ ਮਿਲਣ ਦਾ ਕਾਰਨ ਵੀ ਹੈ ਸਾਡਾ ਵਿਰਸਾ। ਬੱਚਿਆਂ ਦੀ ਸ਼ਕਲ ਮਾਂ ਨਾਲ ਜਾਂ ਬਾਪ ਨਾਲ, ਚਾਚੇ ਤਾਇਆਂ ਜਾਂ ਭੂਆ ਨਾਲ ਮਿਲਣ ਦਾ ਵੀ ਕਾਰਨ ਹੈ ਸਾਡਾ ਵਿਰਸਾ। ਕਈ ਵਾਰੀ ਤਾਂ ਸ਼ਕਲ ਸੂਰਤ ਹੂ-ਬ-ਹੂ ਪਰਵਾਰ ਵਿੱਚ ਮਿਲਦੀ ਹੈ। ਮੇਰੇ ਲੜਕੇ ਦੀ ਠੋਡੀ ਥੋੜ੍ਹੀ ਲੰਬੀ ਹੈ। ਉਹ ਹਮੇਸ਼ਾਂ ਕਹਿੰਦਾ ਹੈ ਕਿ ਲੰਬੀ ਠੋਡੀ ਉਸਨੂੰ ਦਾਦੀ ਮਾਂ ਤੋਂ ਮਿਲੀ ਹੈ।

              

               ਕਈ ਵਾਰੀ ਸਾਨੂੰ ਕਲਾ ਵੀ ਵਿਰਸੇ ਵਿੱਚ ਮਿਲਦੀ ਹੈ। ਮੇਰੀ ਲੜਕੀ ਆਰਕੀਟੈਕਟ ਹੈ, ਉਸਦਾ ਪਤੀ ਵੀ ਆਰਕੀਟੈਕਟ ਹੈ। ਅੱਗੋਂ ਉਨ੍ਹਾਂ ਦੇ ਬੱਚੇ ਵੀ ਮਾਂ ਬਾਪ ਦੀ ਤਰ੍ਹਾਂ ਆਰਟਿਸਟਿਕ ਹਨ। ਮੈ ਕਈ ਵਾਰੀ ਕਿਹਾ ਕਿ ਕੋਈ ਬੱਚਾ ਡਾਕਟਰ ਬਣ ਜਾਵੇ ਪਰ ਉਹ ਆਪਣੀ ਮਾਂ ਵਾਂਗੂੰ ਲਹੂ ਦਾ ਤੁਪਕਾ ਵੀ ਨਹੀਂ ਦੇਖ ਸਕਦੇ, ਬੇਸ਼ੱਕ ਉਨ੍ਹਾਂ ਦਾ ਦਾਦਾ ਇਕ ਸਰਜਨ ਸੀ। ਇਹ ਜ਼ਰੂਰੀ ਨਹੀਂ ਕਿ ਸਾਨੂੰ ਮਾਂ ਬਾਪ ਦੇ ਗੁਣ ਜਾਂ ਔਗੁਣ ਵਿਰਸੇ ਵਿੱਚ ਮਿਲਣ। ਕਈ ਵਾਰੀ ਤਾਂ ਬੱਚੇ ਮਾਂ ਬਾਪ ਦੇ ਬਿਲਕੁਲ ਉਲਟ ਹੁੰਦੇ ਹਨ। ਸਾਡੇ ਗਵਾਂਢ ਵਿੱਚ ਇਕ ਔਰਤ ਬਹੁਤ ਸ਼ਰਾਬ ਪੀਂਦੀ ਹੈ ਪਰ ਉਸਦੇ ਬੱਚੇ ਸ਼ਰਾਬ ਤੋਂ ਦੂਰ ਭੱਜਦੇ ਹਨ। ਘਰ ਵਿੱਚ ਹਰ ਵੇਲੇ ਲੜਾਈ ਝਗੜਾ ਹੀ ਰਹਿੰਦਾ ਹੈ। ਉਸ ਔਰਤ ਦੇ ਪੇਕੇ ਪਰਵਾਰ ਵਿੱਚ ਉਸਦੇ ਚਾਰ ਭਰਾ ਤੇ ਤਿੰਨ ਭੈਣਾਂ ਸਭ ਸ਼ਰਾਬ ਦੇ ਆਦੀ ਹਨ। ਮੈਨੂੰ ਹਮੇਸ਼ਾਂ ਉਸਦੇ ਪਤੀ ਤੇ ਤਰਸ ਆਉਂਦਾ ਹੈ। ਇਨ੍ਹਾਂ ਦੀ ਹਾਲਤ ਦੇਖ ਕੇ ਮੈਨੂੰ ਅਕਸਰ ਇਹ ਚੁਟਕਲਾ ਯਾਦ ਆ ਜਾਂਦਾ ਹੈ:

               

               ਇਕ ਆਦਮੀ ਦੀ ਪਤਨੀ ਬਹੁਤ ਲੜਦੀ ਝਗੜਦੀ ਰਹਿੰਦੀ ਸੀ। ਇਕ ਦਿਨ ਉਸਦਾ ਪਤੀ ਇਕ ਦੋਸਤ ਨਾਲ ਆਪਣੇ ਦਿਲ ਦਾ ਭਾਰ ਹੌਲਾ ਕਰ ਰਿਹਾ ਸੀ। ਉਸ ਦੋਸਤ ਨੇ ਇਕ ਸਾਧੂ ਦੀ ਦੱਸ ਪਾਈ ਜੋ ਕਿ ਲੋਕਾਂ ਦੇ ਦਿਲਾਂ ਦਾ ਭਾਰ ਹਲਕਾ ਕਰਦਾ ਸੀ। ਉਹ ਆਦਮੀ ਉਸ ਸਾਧੂ ਪਾਸ ਜਾਂਦਾ ਹੈ। ਸਾਧੂ ਦੀ ਕੁਝ ਦਿਨ ਸੇਵਾ ਕਰਦਿਆਂ ਇਕ ਦਿਨ ਸਾਧੂ ਮਹਾਤਮਾ ਨੇ ਪੁੱਛਿਆ, ''ਬੇਟਾ ਤੈਨੂੰ ਕੀ ਕਸ਼ਟ ਹੈ? ਮੈ ਤੇਰੀ ਕਿਸ ਤਰ੍ਹਾਂ ਮਦਦ ਕਰ ਸਕਦਾ ਹਾਂ?" ਉਹ ਆਦਮੀ ਕਹਿਣ ਲੱਗਾ, ''ਮਹਾਰਾਜ, ਮੇਰੇ ਘਰ ਵਿੱਚ ਮੇਰੀ ਪਤਨੀ ਬਹੁਤ ਲੜਦੀ ਝਗੜਦੀ ਰਹਿੰਦੀ ਹੈ। ਹਰ ਵੇਲੇ ਘਰ ਵਿੱਚ ਕਲੇਸ਼ ਪਾਈ ਰੱਖਦੀ ਹੈ। ਮਹਾਰਾਜ, ਕੋਈ ਉਪਾਓ ਦੱਸੋ ਕਿ ਮੇਰਾ ਘਰ ਸਵਰਗ ਬਣ ਜਾਵੇ।" ਇਹ ਸੁਣਕੇ ਸਾਧੂ ਮਹਾਤਮਾ ਕਹਿਣ ਲੱਗੇ, ''ਬੇਟਾ ਜੇ ਇਸ ਮਰਜ਼ ਦਾ ਇਲਾਜ ਮੇਰੇ ਪਾਸ ਹੁੰਦਾ ਤਾਂ ਮੈ ਖ਼ੁਦ ਸਾਧੂ ਕਿਉਂ ਬਣਦਾ?"

                              

               ਬੇਸ਼ੱਕ ਹਾਲਾਤਾਂ ਦੇ ਬਦਲਣ ਨਾਲ ਅਸੀਂ ਬਹੁਤ ਸਾਰੀਆਂ ਵਿਰਸੇ ਵਿੱਚ ਮਿਲੀਆਂ ਚੰਗੀਆਂ ਆਦਤਾਂ ਭੁੱਲਦੇ ਜਾ ਰਹੇ ਹਾਂ, ਪਰ ਫਿਰ ਵੀ ਹਿੰਦੁਸਤਾਨੀ ਘਰ ਆਏ ਮਹਿਮਾਨ ਦੀ ਬਹੁਤ ਹੀ ਖ਼ਾਤਰਦਾਰੀ ਕਰਦੇ ਹਨ। ਘਰ ਆਏ ਮਹਿਮਾਨ ਨੂੰ ਉਹ ਰੱਬ ਦਾ ਰੂਪ ਸਮਝਦੇ ਹਨ। ਭਾਵੇਂ ਕੋਈ ਕਿਸੇ ਜਾਤੀ ਦਾ ਇਨਸਾਨ ਹੋਵੇ ਜਦੋਂ ਵੀ ਉਹ ਕਿਸੇ ਹਿੰਦੁਸਤਾਨੀ ਦੇ ਘਰ ਵਿੱਚ ਜਾਂਦਾ ਹੈ ਤਾਂ ਉਸਨੂੰ ਜ਼ਰੂਰ ਚਾਹ ਪਾਣੀ ਪੁੱਛਿਆ ਜਾਂਦਾ ਹੈ। ਜੇ ਕੋਈ ਖਾਣੇ ਦੇ ਵਕਤ ਆਉਂਦਾ ਹੈ ਤਾਂ ਉਸਨੂੰ ਖਾਣਾ ਖੁਆ ਕੇ ਹੀ ਜਾਣ ਦਿੱਤਾ ਜਾਂਦਾ ਹੈ। ਹੋਰ ਤਾਂ ਹੋਰ ਜੇ ਅਗਲਾ ਖਾ ਪੀ ਕੇ ਜਾਂਦਾ ਹੈ ਤਾਂ ਹਿੰਦੁਸਤਾਨੀਆਂ ਨੂੰ ਬੇਹੱਦ ਖੁਸ਼ੀ ਮਿਲਦੀ ਹੈ। ਉਹ ਸੋਚਦੇ ਹਨ, ''ਪਤਾ ਨਹੀਂ ਕਿਹੜੇ ਵੇਲੇ ਰੱਬ ਕਿਸੇ ਵੀ ਰੂਪ ਵਿੱਚ ਤੁਹਾਡੇ ਘਰ ਆ ਸਕਦਾ ਹੈ।"

ਇਹ ਵੀ ਸਾਡੇ ਵਿਰਸੇ ਕਰਕੇ ਹੀ ਹੈ ਕਿ ਕਿਸੇ ਸਿੱਖ ਦੇ ਘਰ ਪੈਦਾ ਹੋਇਆ ਬੱਚਾ ਸਿੱਖ ਹੀ ਹੁੰਦਾ ਹੈ। ਜ਼ਰੂਰੀ ਨਹੀਂ ਕਿ ਉਸ ਬੱਚੇ ਨੂੰ ਅੰਮ੍ਰਿਤ ਛਕਾ ਕੇ ਹੀ ਸਿੱਖ ਬਣਾਇਆ ਜਾ ਸਕੇ। ਸਾਡਾ ਧਰਮ, ਸਾਡੀ ਰਹਿਣੀ ਬਹਿਣੀ, ਸਾਡਾ ਖਾਣਾ ਪੀਣਾ, ਸਾਡੇ ਰੀਤੀ ਰਿਵਾਜ, ਸਾਡੀ ਬੋਲੀ ਸਾਨੂੰ ਵਿਰਸੇ ਵਿੱਚ ਹੀ ਮਿਲੇ ਹਨ। ਇਨ੍ਹਾਂ ਨੂੰ ਸੰਭਾਲ ਕੇ ਰੱਖਾਂਗੇ ਤਾਂ ਅਸੀਂ ਇਨ੍ਹਾਂ ਨੂੰ ਅੱਗੇ ਵਿਰਸੇ ਵਿੱਚ ਦੇ ਸਕਾਂਗੇ। ਬੇਸ਼ੱਕ ਗਲੋਬਲਾਈਜੇਸ਼ਨ ਕਰਕੇ ਦੂਜੇ ਦੇਸ਼ਾਂ ਦੇ ਰਸਮ-ਰਿਵਾਜ ਸਾਡੀ ਸੱਭਿਅਤਾ ਤੇ ਬਹੁਤ ਤੇਜ਼ੀ ਨਾਲ ਅਸਰ ਕਰ ਰਹੇ ਹਨ ਪਰ ਸਾਨੂੰ ਚਾਹੀਦਾ ਹੈ ਕਿ ਦੂਜੇ ਦੇਸ਼ਾਂ ਦੀਆਂ ਚੰਗੀਆਂ ਗੱਲਾਂ ਦਾ ਅਸਰ ਜੇ ਸਾਡੀ ਸੱਭਿਅਤਾ ਤੇ ਪਵੇ ਤਾਂ ਚੰਗਾ ਹੈ ਨਹੀਂ ਤਾਂ ਅਸੀਂ ਆਪਣਾ ਵੀ ਸਭ ਕੁਝ ਭੁਲਾ ਦਿਆਂਗੇ। ਅੱਜ ਕੱਲ ਸਾਡੇ ਸੰਗੀਤ ਤੇ ਪੱਛਮੀ ਸੱਭਿਅਤਾ ਦਾ ਬਹੁਤ ਅਸਰ ਹੋ ਰਿਹਾ ਹੈ। ਪੰਜਾਬੀ ਸੰਗੀਤ ਦੀਆਂ ਡੀ ਵੀ ਡੀ ਵਿੱਚ ਗੋਰੀਆਂ ਤੇ ਕਾਲੀਆਂ ਅੱਧੀਆਂ ਨੰਗੀਆਂ ਦਿਖਾਈਆਂ ਜਾਂਦੀਆਂ ਹਨ। ਕਈਆਂ ਵਿੱਚ ਤਾਂ ਆਪਣੀਆਂ ਲੜਕੀਆਂ ਵੀ ਅੱਧੀਆਂ ਨੰਗੀਆਂ ਨਜ਼ਰ ਆਉਂਦੀਆਂ ਹਨ। ਕਿੱਥੇ ਗਏ ਉਹ ਵਿਰਸੇ ਵਿੱਚ ਮਿਲੇ ਪੰਜਾਬੀ ਲਿਬਾਸ ਤੇ ਉਹ ਸ਼ਰਮ ਹਯਾ? ਕਈ ਵਾਰੀ ਬੱਚੇ ਪੁੱਛਦੇ ਹਨ, ''ਕੀ ਪੰਜਾਬੀ ਲੜਕੀਆਂ ਪੰਜਾਬ ਵਿੱਚ ਇਸ ਤਰ੍ਹਾਂ ਦੇ ਕੱਪੜੇ ਪਾਉਂਦੀਆਂ ਹਨ?"

               

               ਦਾਨ ਪੁੰਨ ਕਰਨਾ, ਦੱਸਾਂ ਨੌਹਾਂ ਦੀ ਕਮਾਈ ਕਰਨਾ ਅਤੇ ਵੰਡ ਕੇ ਛਕਣਾ ਸਾਡਾ ਵਿਰਸਾ ਹੈ। ਕਿਸੇ ਗਰੀਬ ਦੀ ਮਦਦ ਕਰਨ ਵਿੱਚ ਵੀ ਹਿੰਦੁਸਤਾਨੀ ਪਿੱਛੇ ਨਹੀਂ ਹਟਦੇ। ਦੇਸ਼ ਵਿੱਚ ਜਾਂ ਪਰਦੇਸ ਵਿੱਚ ਕਦੇ ਕੋਈ ਕਸ਼ਟ ਆ ਜਾਵੇ ਤਾਂ ਪੰਜਾਬੀ ਵਧ ਚੜ੍ਹ ਕੇ ਦਾਨ ਕਰਦੇ ਹਨ। ਦੇਖਣ ਵਿੱਚ ਆਇਆ ਹੈ ਕਿ ਗੁਰਦੁਆਰਿਆਂ ਵਿੱਚ ਬਹੁਤ ਪੈਸਾ ਇਕੱਠਾ ਹੁੰਦਾ ਹੈ। ਮੈਨੂੰ ਯਾਦ ਹੈ ਜਦੋਂ 1984 ਵਿੱਚ ਦਿੱਲੀ ਦਿੱਲੀ ਵਿੱਚ ਦੰਗੇ ਹੋਏ ਸਨ ਤਾਂ ਪਰਵਾਸੀ ਗੁਰਦੁਆਰਿਆਂ ਵਿੱਚ ਲੱਖਾਂ ਡਾਲਰ ਲੋਕਾਂ ਨੇ ਦਾਨ ਕੀਤੇ ਸਨ। ਕਈ ਔਰਤਾਂ ਨੇ ਤਾਂ ਆਪਣੇ ਪਾਏ ਹੋਏ ਗਹਿਣੇ ਵੀ ਬਿਨਾਂ ਸੋਚੇ ਸਮਝਿਆਂ ਦਾਨ ਕੀਤੇ ਸਨ। ਕਿਸੇ ਨੇ ਕੋਈ ਸੁਆਲ ਨਹੀਂ ਸੀ ਕੀਤਾ ਕਿ ਇਹ ਇਕੱਠੀ ਹੋਈ ਰਕਮ ਕਿੱਥੇ ਜਾਵੇਗੀ। ਜਦੋਂ ਸ੍ਰੀ ਲੰਕਾ ਅਤੇ ਇੰਡੋਨੇਸ਼ੀਆ ਵਗੈਰਾ ਵਿੱਚ ਸੁਨਾਮੀ ਆਈ ਸੀ ਤਾਂ ਉਸ ਵੇਲੇ ਵੀ ਪੰਜਾਬੀਆਂ ਵਲੋਂ ਡਾਲਰ ਇਕੱਠੇ ਕੀਤੇ ਗਏ ਸੀ। ਗੁਰੂ ਰਾਮਦਾਸ ਦੀ ਦੇਣ 'ਗੁਰੂ ਕਾ ਲੰਗਰ' ਹਰ ਗੁਰਦੁਆਰੇ ਵਿੱਚ ਬਣਦਾ ਹੈ। ਕੋਈ ਵੀ ਆਦਮੀ ਗੁਰਦੁਆਰੇ ਤੋਂ ਭੁੱਖਾ ਨਹੀਂ ਜਾਵੇਗਾ। ਗੁਰੂ ਦਾ ਲੰਗਰ ਅਟੱਲ ਵਰਤਦਾ ਹੈ ਤੇ ਕਦੀ ਵੀ ਤੋਟ ਨਹੀਂ ਆਈ। ਵੈਨਕੂਵਰ ਵਿੱਚ ਕਈ ਯੂਨੀਵਰਸਿਟੀਆਂ ਦੇ ਸੈਂਕੜੇ ਵਿਦਿਆਰਥੀ ਵੀਕ ਐਂਡ ਤੇ ਗੁਰਦੁਆਰੇ ਲੰਗਰ ਖਾ ਕੇ ਜਾਂਦੇ ਹਨ। ਕਿਸੇ ਵੀ ਪੰਜਾਬੀ ਨੇ ਕਦੇ ਵੀ ਕਿਸੇ ਹੋਰ ਧਰਮ ਦੇ ਇਨਸਾਨ ਨੂੰ ਇਹ ਨਹੀਂ ਕਿਹਾ ਕਿ ਭਾਈ ਤੂੰ ਸਾਡੇ ਗੁਰਦੁਆਰੇ ਆ ਕੇ ਭੋਜਨ ਕਿਉਂ ਖਾਂਦਾ ਏਂ। ਇਹ ਜ਼ਿੰਦਾ ਅਤੇ ਫਰਾਖ਼-ਦਿਲੀ ਸਾਨੂੰ ਵਿਰਸੇ ਵਿੱਚ ਮਿਲੀ ਹੈ।

              

               ਆਓ ਆਪਾਂ ਵਿਰਾਸਤ ਵਿੱਚ ਮਿਲੀਆਂ ਹਰ ਪਰਕਾਰ ਦੇ ਚੰਗੇ ਰੀਤੀ ਰਿਵਾਜਾਂ ਅਤੇ ਚੰਗੀ ਸੱਭਿਅਤਾ ਨੂੰ ਸੰਭਾਲ ਕੇ ਰੱਖੀਏ ਅਤੇ ਦੂਜੇ ਲੋਕਾਂ ਦੇ ਚੰਗੇ ਰੀਤੀ ਰਿਵਾਜਾਂ ਨੂੰ ਅਪਣਾ ਕੇ ਆਪਣੀ ਵਿਰਾਸਤ ਨੂੰ ਹੋਰ ਵੀ ਚੰਗਾ ਬਣਾਈਏ।

             

   

       

                    

  

                               

       

                    

  

   
   ਜੁਲਾਈ 2, 2008     
          
 

ਸਾਡਾ ਪੰਜਾਬੀ ਵਿਰਸਾ

                                        -ਮਹਿੰਦਰ ਭਟਨਾਗਰ

 

ਗੁਰਦੇਵ ਸਿੰਘ ਘਣਗਸ, ਪ੍ਰੇਮ ਮਾਨ, ਅਤੇ ਬਰਜਿੰਦਰ ਢਿੱਲੋਂ ਦੇ ਪੰਜਾਬੀ ਵਿਰਸੇ ਬਾਰੇ ਲਿਖੇ ਤਿੰਨੇ ਲੇਖ ਬਹੁਤ ਹੀ ਚੰਗੇ ਲੱਗੇ ਹਨ । ਖਾਸ ਕਰਕੇ ਬਰਜਿੰਦਰ ਜੀ ਦੇ ਲਿਖਣ ਦੇ ਸਟਾਈਲ ਨੇ ਉਨ੍ਹਾਂ ਦੇ ਲੇਖ ਨੂੰ ਪਾਠਕਾਂ ਲਈ ਬਹੁਤ ਹੀ ਦਿਲਚਸਪ ਬਣਾ ਦਿੱਤਾ ਹੈ ।

               

               ਇਸ ਬਾਰੇ ਕੋਈ ਦੋ ਰਾਏ ਨਹੀਂ ਹੋ ਸਕਦੀਆਂ ਕਿ ਅੱਜ ਪੰਜਾਬੀ ਵਿਰਸੇ ਦਾ ਡੰਕਾ ਦੁਨੀਆਂ ਭਰ ਵਿੱਚ ਵੱਜ ਰਿਹਾ ਹੈ ਕਿਉਂਕਿ ਇਸ ਵਿੱਚ ਸਾਰੀ ਦੁਨੀਆਂ ਨੂੰ ਇਕ ਅੱਖ ਨਾਲ ਦੇਖਣ ਦੀ ਵਡਮੁੱਲੀ ਖਾਸੀਅਤ ਹੈ । ਦੇਸ਼ ਦੇ ਉੱਤਰੀ ਇਲਾਕੇ ਦੇ ਵਾਸੀ ਹੋਣ ਕਰਕੇ ਦੇਸ਼ ਦੀ ਹਿਫ਼ਾਜ਼ਤ ਕਰਨ ਦਾ ਕੰਮ ਇਨ੍ਹਾਂ ਦੇ ਹਿੱਸੇ ਆਇਆ ਜਿਹੜਾ ਪੰਜਾਬੀਆਂ ਨੇ ਬਖ਼ੂਬੀ ਨਿਭਾਇਆ। ਸੈਂਕੜੇ ਲੜਾਈਆਂ ਲੜਨ ਕਰਕੇ ਮੌਤ ਤਾਂ ਇਨ੍ਹਾਂ ਦੇ ਸਿਰ ਤੇ ਦਿਨ-ਰਾਤ ਹੀ ਮੰਡਰਾਉਂਦੀ ਰਹੀ ਜਿਸ ਕਰਕੇ ਬਹਾਦਰੀ ਅਤੇ ਨਿਡਰਤਾ ਇਨ੍ਹਾਂ ਨੂੰ ਪੀੜ੍ਹੀ ਦਰ ਪੀੜ੍ਹੀ ਵਿਰਸੇ 'ਚ ਮਿਲਦੀ ਰਹੀ। ਇਸੇ ਕਰਕੇ ਔਖੇ ਤੋਂ ਔਖੇ ਸਮੇਂ ਵੀ ਖੁਸ਼ ਰਹਿਣਾ ਇਨ੍ਹਾਂ ਦੀ ਆਦਤ ਬਣ ਗਈ । ਭੰਗੜਾ, ਬੋਲੀਆਂ, ਲੋਕ ਗੀਤ, ਤ੍ਰਿੰਜਣ ਆਦਿ ਇਸੇ ਖੁਸ਼ ਰਹਿਣੇ ਸੁਭਾਅ ਦਾ ਨਤੀਜਾ ਹਨ । ਅੱਜ ਪੰਜਾਬੀ ਡਰੈਸ, ਪੰਜਾਬੀ ਖਾਣਾ, ਪੰਜਾਬੀ ਗੀਤ, ਪੰਜਾਬੀ ਰਹਿਣ-ਸਹਿਣ ਪੂਰੇ ਭਾਰਤ ਵਿੱਚ ਅਤੇ ਦੁਨੀਆ ਦੇ ਹੋਰ ਕਈ ਦੇਸ਼ਾਂ ਵਿੱਚ ਵੀ ਅਪਣਾਇਆ ਜਾ ਰਿਹਾ ਹੈ । ਦੁਨੀਆਂ ਦਾ ਕੋਈ ਹੀ ਦੇਸ਼ ਹੋਵੇਗਾ ਜਿੱਥੇ ਪੰਜਾਬੀ ਲੋਕ ਨਾ ਵਸਦੇ ਹੋਣ, ਭਾਵ ਕਿ ਪੰਜਾਬੀ ਆਪਣੀ 'ਐਂਟਰਪ੍ਰੀਨਿਉਰਸ਼ਿਪ' ਸਦਕਾ ਅੱਜ ਪੂਰੀ ਦੁਨੀਆਂ 'ਤੇ ਛਾਏ ਹੋਏ ਹਨ। ਇੱਥੋਂ ਤੱਕ ਕਿ ਪੰਜਾਬੀ ਮਿ. ਬਾਬੀ ਜਿੰਦਲ ਦਾ ਨਾਂ ਅਮਰੀਕਾ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਵੀ ਵਿਚਾਰਿਆ ਜਾ ਰਿਹਾ ਹੈ। ਪੰਜਾਬੀ ਲੋਕ 'ਪੁਲਿਟੀਕਲੀ ਕੁਰੈਕਟ' ਭਾਵੇਂ ਨਾ ਹੋਣ ਪਰ ਖੁਲ੍ਹ ਕੇ ਆਪਣੀ ਗੱਲ ਕਹਿਣਾ ਇਨ੍ਹਾਂ ਨੂੰ ਵਿਰਸੇ 'ਚ ਮਿਲਿਆ ਹੈ ।

               

               ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਭਾਰਤ ਦੀ ਪੂਰੀ ਅਬਾਦੀ 'ਚ ਮਸਾਂ 6-7% ਹੋਣ ਦੇ ਬਾਵਜੂਦ ਪੰਜਾਬ ਨੇ ਦੇਸ਼ ਨੂੰ ਅਜ਼ਾਦੀ ਤੋਂ ਬਾਅਦ ਇਕ ਰਾਸ਼ਟਰਪਤੀ, ਦੋ ਪ੍ਰਧਾਨ ਮੰਤਰੀ, ਦੋ ਰਿਜ਼ਰਵ ਬੈਂਕ ਦੇ ਗਵਰਨਰ, ਕਿੰਨੇ ਹੀ ਫੌਜ ਦੇ ਸੈਨਾਪਤੀ, ਏਅਰ ਫੋਰਸ ਦੇ ਮਾਰਸ਼ਲ, ਮੁੰਬਈ ਦੀ ਲਗਭਗ ਪੂਰੀ ਫਿਲਮ ਇੰਡਸਟਰੀ ਆਦਿ ਦਿੱਤੇ ਹਨ। ਦੇਸ਼ ਦੀਆਂ ਸਮਾਜਿਕ ਅਤੇ ਸਿਆਸੀ ਸਰਗਰਮੀਆਂ 'ਚ ਪੰਜਾਬੀਆਂ ਨੇ ਵਧ ਚੜ੍ਹ ਕੇ ਹਿੱਸਾ ਪਾਇਆ ਹੈ। ਪੰਜਾਬੀ ਅਤੇ ਪੰਜਾਬੀਅਤ ਨੂੰ ਉਨ੍ਹਾਂ ਨੇ ਸਦਾ ਹੀ ਸੰਭਾਲ ਕੇ ਰੱਖਿਆ ਹੈ ।

               

               ਇਹ ਬੜਾ ਹੀ ਜ਼ਰੂਰੀ ਹੈ ਕਿ ਅਸੀਂ ਹਜ਼ਾਰਾਂ ਸਾਲਾਂ ਤੋਂ ਚਲੇ ਆ ਰਹੇ ਪੰਜਾਬੀ ਵਿਰਸੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਤੌਰ 'ਤੇ ਪਹੁੰਚਾਉਣ ਦਾ ਵਸੀਲਾ ਕਰੀਏ, ਵਰਨਾ ਪੱਛਮੀ ਪ੍ਰਭਾਵ ਹੇਠ ਇਹ ਇਤਿਹਾਸ ਦਾ ਇਕ ਪੰਨਾ ਹੀ ਨਾ ਬਣ ਕੇ ਰਹਿ ਜਾਵੇ ।