ਜਸਲੀਨ ਕੌਰ

    

 
            
 

    ਉਦਾਸ ਹਾਂ

   
ਕਿ ਮੈਂ ਉਦਾਸ ਹਾਂ
ਰੰਗ ਬੇਰੰਗ ਨੇ
ਆਸ ਉਮੰਗ ਨਹੀਂ
ਪੰਛੀ ਗੀਤ ਨਹੀਂ ਗਾਉਂਦੇ
ਪਾਣੀ ਕਲਕਲ ਨਹੀਂ ਕਰਦੇ
ਨਾ ਖੜਕਦੇ ਨੇ
ਤੇਰੀਆਂ ਅੱਧ ਲਿਖੀਆਂ ਨਜ਼ਮਾਂ ਨੂੰ
ਤੈਥੋਂ ਖੋਹ ਕੇ ਪੜ੍ਹਨਾ
ਅਜੇ ਵੀ ਯਾਦ ਹੈ ਮੈਨੂੰ
ਜੋਗੀਆ।
ਤੈਨੂੰ ਖੈਰ ਨਾ ਪਾ ਸਕੀ ਮੈਂ

       

ਕਿ ਮੈਂ ਉਦਾਸ ਹਾਂ
ਜੋਗੀ ਮੇਰੇ ਦੁਆਰੇ ਆਇਆ
ਅਲਖ ਨਿਰੰਜਨ ਦਾ ਨਾਦ ਗੁੰਜਾਇਆ
ਭਿੱਖਿਆ ਆਪਣੇ ਭੇਸ ਤੋਂ ਪਾਰ ਦੀ ਮੰਗਦਾ ਸੀ
ਕਿਵੇਂ ਦਿੰਦੀ ਮੈਂ
ਮੈਂ ਤਾਂ ਜੋਗੀ 'ਤੇ ਮੋਹਿਤ ਸਾਂ
ਅਨਿਨ ਭਗਤੀ ਭਾਵ ਨਾਲ ਜਾਂ ਕੁਝ ਹੋਰ
ਭਟਕਣਾ ਨੂੰ ਵਰ ਕਿਵੇਂ ਦਿੰਦੀ
ਓਸ਼ੋ ਦਾ ਫਲਸਫਾ ਮਿਥਿਆ ਸੀ ਮੇਰੇ ਲਈ
ਖੈਰ ਦਾ ਕਟੋਰਾ ਹੱਥ 'ਚ ਫੜੀ
ਮੈਂ ਵਰ੍ਹਿਆਂ ਬੱਧੀ
ਪਾਉਣ ਜਾਂ ਨਾ ਪਾਉਣ ਦੀ ਦੁਬਿਧਾ 'ਚ
ਸੋਚਦੀ ਪਈ ਸਾਂ
ਕਿ ਜੋਗੀ ਤਿਰਹਾਇਆ ਪਰਤ ਗਿਆ
ਮੇਰੇ ਦੁਆਰ ਤੋਂ ਜੋਗੀ ਪਰਤ ਗਿਆ

 

ਮੈਂ ਉਦਾਸ ਹਾਂ
ਕਿ ਜੋਗੀ ਪਰਤ ਗਿਆ।