ਡਾ. ਜਗਤਾਰ
ਕਵਿਤਾ ਅਤੇ ਗ਼ਜ਼ਲਾਂ

             

 

       

                    

  

              
 

                ਫ਼ਾਸਲਾ

   
ਇਕ ਮੁਸਾਫ਼ਰ ਨੂੰ ਮੈਂ ਪੁੱਛਿਆ 'ਲੁੰਬਨੀ' ਵਿਚ
''ਕਪਲ ਵਸਤੂ ਦੂਰ ਹੈ ਕਿੰਨਾ ਕੁ ਏਥੋਂ!''

''ਕਪਲ ਵਸਤੂ!
ਕਪਲ ਵਸਤੂ ਨਾਲ ਹੀ ਹੈ।''

''ਬੋਧ ਗੈਯਾ ਦੂਰ ਹੈ ਕਿੰਨਾ ਕੁ ਏਥੋਂ?''

''ਜਿੰਨਾ ਕੁ ਏਥੋਂ ਕਪਲ ਵਸਤੂ ਦੂਰ ਹੈ।''

''ਇਹ ਤਾਂ ਮੁਮਕਿਨ ਹੀ ਨਹੀਂ?''

''ਤਿਆਗ ਵਿਚ ਤੇ ਮੋਹ 'ਚ ਜ਼ਿਆਦਾ
ਫ਼ਾਸਲਾ ਹੁੰਦਾ ਨਹੀਂ,
ਕਪਲ ਵਸਤੂ ਮੋਹ ਹੈ
ਤੇ 'ਬੋਧ ਗੈਯਾ' ਤਿਆਗ ਹੈ
ਫ਼ਾਸਲਾ ਤਾਂ ਮੋਹ ਅਤੇ ਨਿਰਵਾਨ ਵਿਚ ਹੁੰਦੈ
ਇਸ ਲਈ
ਬੋਧ ਗੈਯਾ ਤੇ ਕਪਲ ਵਸਤੂ ਦੇ ਅੰਦਰ
ਫ਼ਾਸਲਾ ਇੱਕੋ ਜਿਹਾ ਹੈ।''

         

   

       

                    

  

 

                      

 

              
 

            ਗ਼ਜ਼ਲ

  

ਹਰ ਪੈਰ 'ਤੇ ਸਲੀਬਾਂ, ਹਰ ਮੋੜ 'ਤੇ ਹਨ੍ਹੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।
  

ਪੱਥਰ 'ਤੇ ਨਕਸ਼ ਹਾਂ ਮੈਂ, ਮਿੱਟੀ 'ਤੇ ਤਾਂ ਨਹੀਂ ਹਾਂ,
ਜਿੰਨਾਂ ਕਿਸੇ ਮਿਟਾਇਆ ਹੁੰਦਾ ਗਿਆ ਡੂੰਘੇਰਾ।
  

ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨ੍ਹੇਰ ਜਰਦੀ,
ਕਿੰਨਾ ਕੁ ਦੇਰ ਰਹਿੰਦਾ, ਖ਼ਾਮੋਸ਼ ਖ਼ੂਨ ਮੇਰਾ।
  

ਇਤਿਹਾਸ ਦੇ ਵਰਕ 'ਤੇ, ਤੇ ਵਕਤ ਦੇ ਪਰਾਂ 'ਤੇ,
ਉਂਗਲਾਂ ਡੁਬੋ ਲਹੂ ਵਿਚ, ਲਿਖਿਆ ਹੈ ਨਾਮ ਤੇਰਾ।
  

ਹਰ ਕਾਲ ਕੋਠੜੀ ਵਿਚ ਤੇਰਾ ਜ਼ਿਕਰ ਏਦਾਂ,
ਗ਼ਾਰਾਂ 'ਚ ਚਾਂਦਨੀ ਦਾ ਹੋਵੇ ਜਿਵੇਂ ਬਸੇਰਾ।
  

ਆ ਆ ਕੇ ਯਾਦ ਤੇਰੀ, ਜੰਗਲ ਗ਼ਮਾਂ ਦਾ ਚੀਰੇ,
ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨ੍ਹੇਰਾ।
  

ਪੈਰਾਂ 'ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉਡਦੈ, ਚਿਹਰੇ ਦਾ ਰੰਗ ਤੇਰਾ।
  

ਮੇਰੇ ਵੀ ਪੈਰ ਚੁੰਮ ਕੇ, ਇਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਐ, ਮਹਿਬੂਬ ਅੰਤ ਮੇਰਾ।

         

   

 

                      

 

 

                      

 

              
 

             ਗ਼ਜ਼ਲ

  

ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ।
ਰਿਸ਼ਤਿਆਂ ਦੀ ਭੀੜ 'ਚੋਂ ਫ਼ੁਰਸਤ ਮਿਲੇ ਤਾਂ ਖ਼ਤ ਲਿਖੀਂ।
   

ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜੰਮ ਜੰਮ ਮਾਣ ਇਹ
ਤੇਰੇ ਆਂਗਣ ਵਿਚ ਜਦੋਂ ਪੱਤੇ ਝੜੇ ਤਾਂ ਖ਼ਤ ਲਿਖੀਂ।
   

ਕੌਣ ਜਸ਼ਨਾਂ ਵਿਚ ਕਿਸੇ ਨੂੰ ਚਿੱਤ ਧਰੇ, ਚੇਤੇ ਕਰੇ
ਜ਼ਿੰਦਗੀ ਵਿਚ ਜਦ ਕਦੇ ਤਲਖੀ ਵਧੇ ਤਾਂ ਖ਼ਤ ਲਿਖੀਂ।
  

ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇਕ ਵੀ ਰੇਖ 'ਚੋਂ
ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖ਼ਤ ਲਿਖੀਂ।
  

ਮੇਰੀ ਬੰਜਰ ਖ਼ਾਕ ਨੂੰ ਤਾਂ ਖ਼ਾਬ ਤੱਕ ਆਉਣਾ ਨਹੀਂ
ਜਦ ਤੇਰੀ ਮਿੱਟੀ 'ਚ ਕੋਈ ਫੁੱਲ ਖਿੜੇ ਤਾਂ ਖ਼ਤ ਲਿਖੀਂ।
  

ਮਹਿਫ਼ਲਾਂ ਵਿਚ, ਚਾਰ ਯਾਰਾਂ ਵਿਚ, ਉਤਸਵ ਵਿਚ ਵੀ
ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖ਼ਤ ਲਿਖੀਂ।
  

ਜੋ ਤਿਰਾ ਤੀਰਥ, ਇਬਾਦਤ, ਦੀਨ ਦੁਨੀਆ ਸੀ ਕਦੇ
ਹੁਣ ਕਦੇ 'ਜਗਤਾਰ' ਉਹ ਤੈਨੂੰ ਮਿਲੇ ਤਾਂ ਖ਼ਤ ਲਿਖੀਂ।