ਅੰਮ੍ਰਿਤਾ ਪ੍ਰੀਤਮ
   

   (1919-2005)    

 

             

 
              
   

          

ਅੱਜ ਆਖਾਂ ਵਾਰਸ ਸ਼ਾਹ ਨੂੰ

ਅੱਜ ਆਖਾਂ ਵਾਰਸ ਸ਼ਾਹ ਨੂੰ
ਕਿਤੋਂ ਕਬਰਾਂ ਵਿੱਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ
ਕੋਈ ਅਗਲਾ ਵਰਕਾ ਫੋਲ।
ਇਕ ਰੋਈ ਸੀ ਧੀ ਪੰਜਾਬ ਦੀ
ਤੂੰ ਲਿਖ ਲਿਖ ਮਾਰੇ ਵੈਣ।
ਅੱਜ ਲੱਖਾਂ ਧੀਆਂ ਰੋਂਦੀਆਂ
ਤੈਨੂੰ ਵਾਰਸ ਸ਼ਾਹ ਨੂੰ ਕਹਿਣ।
ਵੇ ਦਰਦਮੰਦਾਂ ਦਿਆ ਦਰਦੀਆ
ਉੱਠ ਤੱਕ ਆਪਣਾ ਪੰਜਾਬ।
ਅੱਜ ਬੇਲੇ ਲਾਸ਼ਾਂ ਵਿਛੀਆਂ
ਤੇ ਲਹੂ ਦੀ ਭਰੀ ਚਨਾਬ।
ਕਿਸ ਨੇ ਪੰਜਾਂ ਪਾਣੀਆਂ ਵਿੱਚ
ਦਿੱਤੀ ਜ਼ਹਿਰ ਮਿਲਾ।
ਤੇ ਉਹਨਾਂ ਪਾਣੀਆਂ ਧਰਤ ਨੂੰ
ਦਿੱਤਾ ਪਾਣੀ ਲਾ।
ਇਸ ਜ਼ਰਖ਼ੇਜ਼ ਜ਼ਮੀਨ ਦੇ
ਲੂੰ ਲੂੰ ਫੁੱਟਿਆ ਜ਼ਹਿਰ।
ਗਿੱਠ ਗਿੱਠ ਚੜ੍ਹੀਆਂ ਲਾਲੀਆਂ
ਫੁੱਟ ਫੁੱਟ ਚੜ੍ਹਿਆ ਕਹਿਰ।
ਵਿਹੁ ਵਲਿੱਸੀ ਵਾ ਫਿਰ
ਵਣ ਵਣ ਵੱਗੀ ਜਾ।
ਉਹਨੇ ਹਰ ਇਕ ਬਾਂਸ ਦੀ ਵੰਝਲੀ
ੱਿਦੱਤੀ ਨਾਗ ਬਣਾ।
ਪਹਿਲਾ ਡੰਗ ਮਦਾਰੀਆਂ
ਮੰਤਰ ਗਏ ਗੁਆਚ।
ਦੂਜੇ ਡੰਗ ਦੀ ਲੱਗ ਗਈ
ਜਣੇ ਖਣੇ ਨੂੰ ਲਾਗ।
ਨਾਗਾਂ ਕੀਲੇ ਲੋਕ ਮੂੰਹ
ਬਸ ਫਿਰ ਡੰਗ ਹੀ ਡੰਗ।
ਪਲੋ ਪਲੀ ਪੰਜਾਬ ਦੇ
ਨੀਲੇ ਪੈ ਗਏ ਅੰਗ।
ਗਲਿਓਂ ਟੁੱਟੇ ਗੀਤ ਫਿਰ
ਤ੍ਰਕਲਿਉਂ ਟੁੱਟੀ ਤੰਦ।
ਤ੍ਰਿੰਜਣੋਂ ਟੁੱਟੀਆਂ ਸਹੇਲੀਆਂ
ਚਰਖੜੇ ਘੂਕਰ ਬੰਦ।
ਸਣੇ ਸੇਜ ਦੇ ਬੇੜੀਆਂ,
ਲੁੱਡਣ ਦਿੱਤੀਆਂ ਰੋੜ।
ਸਣੇ ਡਾਲੀਆਂ ਪੀਂਘ ਅੱਜ
ਪਿਪਲਾਂ ਦਿੱਤੀ ਤੋੜ।
ਜਿਥੇ ਵਜਦੀ ਫੂਕ ਪਿਆਰ ਦੀ
ਉਹ ਵੰਝਲੀ ਗਈ ਗੁਆਚ।
ਰਾਂਝੇ ਦੇ ਸਭ ਵੀਰ ਅੱਜ
ਭੁੱਲ ਗਏ ਉਸਦੀ ਜਾਚ।
ਧਰਤੀ 'ਤੇ ਲਹੂ ਵਸਿਆ
ਕਬਰਾਂ ਪਈਆਂ ਚੋਣ।
ਪ੍ਰੀਤ ਦੀਆਂ ਸ਼ਹਿਜ਼ਾਦੀਆਂ
ਅੱਜ ਵਿੱਚ ਮਜ਼ਾਰਾਂ ਰੋਣ।
ਅੱਜ ਸਭੇ ਕੈਦੋਂ ਬਣ ਗਏ
ਹੁਸਨ ਇਸ਼ਕ ਦੇ ਚੋਰ।
ਅੱਜ ਕਿੱਥੋਂ ਲਿਆਈਏ ਲੱਭ ਕੇ
ਵਾਰਿਸ ਸ਼ਾਹ ਇਕ ਹੋਰ।
ਅੱਜ ਆਖਾਂ ਵਾਰਸ ਸ਼ਾਹ ਨੂੰ
ਕਿਤੋਂ ਕਬਰਾਂ ਵਿੱਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ
ਕੋਈ ਅਗਲਾ ਵਰਕਾ ਫੋਲ।