ਪਲੰਘ
ਐਸ ਪਲੰਘ 'ਤੇ ਮੈਂ ਜੰਮਿਆ ਸਾਂ
ਐ 'ਤੇ ਈ ਮੋਇਆ ਬਾਪ
ਐਸ ਪਲੰਘ ਮੈਂ ਬੈਠ ਮਨਾਈ
ਨਜ਼ਮਾਂ ਵਾਲੀ ਰਾਤ
ਐਸ ਪਲੰਘ 'ਤੇ ਮੈਂ ਜੰਮਿਆ ਤੇ
ਐਸ 'ਤੇ ਮੇਰਾ ਵੀਰਾ
ਐਸ ਪਲੰਘ ਉਸ ਬੈਠ ਕੇ ਬੱਧਾ
ਸ਼ਗਨਾਂ ਵਾਲਾ ਚੀਰਾ
ਐਸ ਪਲੰਘ 'ਤੇ ਮੈਂ ਜੰਮਿਆ
ਐ 'ਤੇ ਈ ਮੇਰੀ ਭੈਣ
ਖ਼ੈਰ ਇਸ਼ਕ ਦਾ ਮੰਗਦੀ ਜਿਹੜੀ
ਹੋ ਗਈ ਪਰੂੰ ਸ਼ੁਦੈਣ
ਐਸ ਪਲੰਘ 'ਤੇ ਮਰਨੇ ਪਈ ਊ
ਉਹ ਤੱਕ ਮੇਰੀ ਮਾਂ
ਐਸ ਪਲੰਘ ਮੇਰੀ ਬੱਚੀ ਜਨਮੇ
ਤਾਂ ਅੱਜ ਨਜ਼ਮ ਕਰਾਂ
|