ਅਮਿਤ ਬਾਵਾ
ਕੁਝ ਕਵਿਤਾਵਾਂ

             

 

                

 

            
 

ਠਹਿਰ ਜਾ ਮੇਰੀਏ ਅੰਮੜੀਏ

ਠਹਿਰ ਜਾ ਮੇਰੀਏ ਅੰਮੜੀਏ.......

ਦੁੱਖਾਂ ਦੀ ਗੰਢ ਕੋਈ ਖੋਲ੍ਹੀਏ

   

ਮਾਏਂ ਨੀ ਇਕ ਗੱਲ ਤਾਂ ਦੱਸ

'ਓਸ ਫੈਸਲੇ ਤੋਂ ਪਹਿਲਾਂ

ਤੇਰੀ ਮਮਤਾ ਕਿਉਂ ਨਾ ਜਾਗੀ

ਮੈ ਤਾਂ ਸੁਣਿਆ ਸੀ

ਤੇਰਾ ਦਿਲ ਤਾਂ ਜ਼ਮੀਨ ਤੇ ਡਿਗ ਕੇ ਵੀ

ਦੇਂਦਾ ਹੈ ਦੁਆ.......

ਫੇਰ ਮੇਰੀ ਵਾਰੀ ਕੀ ਹੋਇਆ

ਮਾਂ ਤੂੰ ਸਭ ਨੂੰ ਪੁੱਛਿਆ

ਤੂੰ ਸਭ ਤੋਂ ਡਰੀ

ਪਰ ਆਪ ਕਿਉਂ ਨਾ ਸ਼ੀਸ਼ਾ ਤੱਕਿਆ

ਕਦੇ ਆਪ ਕਿਉਂ ਨਾ ਆਪਣੇ ਅੰਦਰ ਉੱਤਰੀ

ਉੱਤਰ ਕੇ ਮੇਰਾ ਚਿਹਰਾ ਕਿਉਂ ਨਾ ਆਪਣੇ ਹੱਥਾਂ 'ਚ ਲਿਆ

ਮੇਰਾ ਸਿਰ ਕਿਉਂ ਨਾ ਪਲੋਸਿਆ

ਮਾਏਂ ਮੇਰੀਏ.......

  

ਤੇਰੇ ਗਰਭ ਦੀ ਜਿਹੜੀ ਮਿੱਟੀਓਂ

ਖਿੜਨਾ ਸੀ ਮੇਰਾ ਫੁੱਲ

ਤੂੰ ਓਸ ਮਿੱਟੀ ਨੂੰ

ਸ਼ਮਸ਼ਾਨ ਬਣਾਉਣਾ ਕਿਉਂ ਚੁਣਿਆ?

ਕਿਉਂ ਚੁਣਿਆ ?

         

 

 

                

 

            
 

     ਪਾਣੀ

ਨਾ ਹਿੰਦੂ ਨੂੰ ਜਾਣਦੀ
ਨਾ ਸਿੱਖ ਨੂੰ .....
ਨਾ ਧਰਮ ਨੂੰ ਜਾਣਦੀ
ਨਾ ਅਧਰਮ ਨੂੰ....॥
ਨਾ ਈਮਾਨ ਨੂੰ ਜਾਣਦੀ
ਨਾ ਬੇਈਮਾਨ ਨੂੰ ....॥
ਉਹਦੇ ਲਈ ਨਾ ਕੋਈ ਦੋਸਤ
ਨਾ ਦੁਸ਼ਮਣ ..।
ਉਹ ਜਦ ਜਾਗਦੀ
ਤਾਂ ਬੱਸ ਉਹੀ ਜਾਗਦੀ
ਨਾ ਆਸ
ਨਾ ਬੇਆਸ
ਹਾਂ
ਉਹ..'ਪਿਆਸ'      
ਬੱਸ..'ਪਿਆਸ'                
                    
ਪਿਆਸ ਦਾ ਧਰਮ....ਪਾਣੀ
ਪਿਆਸ ਦੀ ਤਲਾਸ਼ ਦਾ
ਕਰਮ ....ਪਾਣੀ
ਪਿਆਸ ਦੇ ਸੱਚੇ ਅਹਿਸਾਸ ਜਿੱਡਾ ਸੁੱਚਾ
ਕਿੱਥੇ ਹੋਣਾ ਸੀ ਕੋਈ
ਜੇ ਨਾ ਹੁੰਦਾ....
ਭਾਈ ਘਨਈਆ
         
 
ਗੋਬਿੰਦ ਨੇ ਛੋਹਿਆ
ਪਿਆਸ ਤ੍ਰਿਪਤ ਹੋਈ ਉਹਦੀ
ਪਿਆਸਿਆਂ ਲਈ ਫੇਰ
ਉਹ ਪਾਣੀ ਬਣਿਆ
ਦੋਸਤੀ .....ਦੁਸ਼ਮਣੀ ....
ਧਰਮ ....ਅਧਰਮ....
ਸੱਚ....ਝੂਠ
ਤੋਂ ਪਾਰ ਹੋ....॥
ਉਹ ਬੱਸ ਪਾਣੀ ਬਣਿਆ
ਪਿਆਸ ਦਾ ਹਾਣੀ ਬਣਿਆ
ਹਰ ਜ਼ਖਮ ਲਈ ਮਰਹਮ ਬਣਿਆ....॥
ਮਸ਼ਕ ਫੜੀ ਉਸ....ਰੱਬ ਦੀ
ਵੇਖੋ
ਉਹ ਮਾਸ਼ਕੀ
ਗੁਰੁ ਦਾ ਸੱਚਾ ਸਿੱਖ
ਪਾਣੀ ਬਣਿਆ....ਪਾਣੀ ਹੋਇਆ....।